ਰਣਬੀਰ ਸਿੰਘ ਖੱਟੜਾ ਦੇ ਹੱਥ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗੇ: ਵਿਰਸਾ ਸਿੰਘ ਵਲਟੋਹਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਹੈ ਕਿ ਸਾਬਕਾ ਐਸ ਐਸ ਪੀ ਰਣਬੀਰ ਸਿੰਘ ਖੱਟੜਾ ਦੇ ਹੱਥ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗੇ ਹਨ ਅਤੇ ਅਕਾਲੀ ਦਲ ’ਤੇ ਹਮਲਾ ਕਰਨ ਲਈ ਹੁਣ ਪ੍ਰਦੀਪ ਕਲੇਰ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਰਣਬੀਰ ਸਿੰਘ ਖੱਟੜਾ ਦੀ ਡਿਊਟੀ ਲਗਾਈ ਹੈ।
ਸਿੱਖ ਨੌਜਵਾਨਾਂ ’ਤੇ ਅੰਨਾ ਤਸ਼ੱਦਦ ਢਾਹਿਆ
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਲਟੋਹਾ ਨੇ ਕਿਹਾ ਕਿ ਰਣਬੀਰ ਸਿੰਘ ਖੱਟੜਾ ਜਦੋਂ ਬਟਾਲਾ, ਮਜੀਠਾ ਤੇ ਤਰਨਤਾਰਨ ਆਦਿ ਸਰਹੱਦੀ ਜ਼ਿਲ੍ਹਿਆਂ ਵਿਚ ਬਤੌਰ ਐਸ ਐਸ ਪੀ ਤਾਇਨਾਤ ਸਨ ਤਾਂ ਉਸ ਵੇਲੇ ਉਹਨਾਂ ਨਾ ਸਿਰਫ ਸਿੱਖ ਨੌਜਵਾਨਾਂ ’ਤੇ ਅੰਨਾ ਤਸ਼ੱਦਦ ਢਾਹਿਆ ਤੇ ਅਣਗਿਣਤ ਝੂਠੇ ਪੁਲਿਸ ਮੁਕਾਬਲੇ ਕੀਤੇ ਬਲਕਿ ਸਿੱਖ ਧੀਆਂ ਭੈਣ ਨੂੰ ਬੇੱਪਤ ਕਰਨ ਦਾ ਕੰਮ ਵੀ ਕੀਤਾ। ਉਹਨਾਂ ਕਿਹਾ ਕਿ ਇਹ ਇਕ ਅਟੱਲ ਸੱਚਾਈ ਹੈ ਕਿ ਖੱਟੜਾ ਦੀ ਹਮੇਸ਼ਾ ਕਾਂਗਰਸ ਲੀਡਰਸ਼ਿਪ ਨਾਲ ਨੇੜਤਾ ਰਹੀ ਹੈ ਭਾਵੇਂ ਉਹ ਮੁੱਖ ਮੰਤਰੀ ਬੇਅੰਤ ਸਿੰਘ ਹੋਣ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਣ ਜਾਂ ਫਿਰ ਤਤਕਾਲੀ ਡੀ ਜੀ ਪੀ ਕੇ ਪੀ ਐਸ ਗਿੱਲ ਹੋਣ, ਉਹ ਸਭ ਦੀਆਂ ਅੱਖਾਂ ਦੇ ਤਾਰੇ ਰਹੇ ਹਨ।
ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਕਾਂਗਰਸ ਤੇ ਆਪ ਵੱਲੋਂ ਰਚੀ ਯੋਜਨਾਬੱਧ ਸਾਜ਼ਿਸ਼
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਕਾਂਗਰਸ ਤੇ ਆਪ ਵੱਲੋਂ ਰਚੀ ਯੋਜਨਾਬੱਧ ਸਾਜ਼ਿਸ਼ ਦੀ ਕੜੀ ਤਹਿਤ ਹੁਣ ਆਪ ਸਰਕਾਰ ਨੇ ਪ੍ਰਦੀਪ ਕਲੇਰ ਤੋਂ ਬਾਅਦ ਰਣਬੀਰ ਸਿੰਘ ਖੱਟੜਾ ਦੀ ਡਿਊਟੀ ਲਗਾਈ ਹੈ। ਤੱਥਾਂ ਦੀ ਗੱਲ ਕਰਦਿਆਂ ਸਰਦਾਰ ਵਲਟੋਹਾ ਨੇ ਦੱਸਿਆ ਕਿ ਰਣਬੀਰ ਸਿੰਘ ਖੱਟੜਾ ਦੇ ਪੁੱਤਰ ਸਤਬੀਰ ਸਿੰਘ ਖੱਟੜਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਸ਼ੂਗਰਫੈਡ ਦਾ ਚੇਅਰਮੈਨ ਲਗਾ ਦਿੱਤਾ ਗਿਆ ਸੀ ਤੇ ਇਸ ਮਗਰੋਂ ਉਹ ਕਾਂਗਰਸ ਵਿਚ ਸ਼ਾਮਲ ਹੋਏ। ਉਹਨਾਂ ਕਿਹਾ ਕਿ ਅਪਰੇਸ਼ਨ ਬਲੂ ਸਟਾਰ ਦੇ ਸਵਾਗਤ ਲਈ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਦੀ ਭੂਮਿਕਾ ਤੋਂ ਸਾਰਾ ਪੰਜਾਬ ਭਲੀ ਭਾਂਤ ਜਾਣੂ ਹੈ।
ਅੰਡਿਆਂ ਦੀ ਟਰੇਅ ਵਿਚੋਂ ਬਰਾਮਦ ਕੀਤੇ ਗਏ ਸਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜੇ ਗਏ ਅੰਗ
ਵਲਟੋਹਾ ਨੇ ਕਿਹਾ ਕਿ ਰਣਬੀਰ ਸਿੰਘ ਖੱਟੜਾ ਬੇਸ਼ੱਕ ਬੇਅਦਬੀਆਂ ਬਾਰੇ ਮਾਮਲੇ ਦੀ ਐਸ ਆਈ ਟੀ ਦੇ ਮੁਖੀ ਸਨ ਪਰ ਉਹਨਾਂ ਨੇ ਕੇਸ ਵਿਚ ਨਾਮਜ਼ਦ ਦੋ ਭਰਾਵਾਂ ਰੁਪਿੰਦਰ ਸਿੰਘ ਤੇ ਜਸਪਿੰਦਰ ਸਿੰਘ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜੇ ਗਏ ਅੰਗਾਂ ਦੀ ਹੋਈ ਬਰਾਮਦਗੀ ਤੇ ਹੋਈ ਬੇਅਦਬੀ ਦੇ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਇਹ ਅੰਗ ਅੰਡਿਆਂ ਦੀ ਟਰੇਅ ਵਿਚੋਂ ਦੋਵਾਂ ਭਰਾਵਾਂ ਦੇ ਘਰੋਂ ਬਰਾਮਦ ਕੀਤੇ ਗਏ ਸਨ। ਉਹਨਾਂ ਕਿਹਾ ਕਿ ਇਹ ਵੀ ਸਾਹਮਣੇ ਆਇਆ ਸੀ ਕਿ ਦੋਵਾਂ ਭਰਾਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇਫੇ ਵਿਚ ਲੁਕਾ ਕੇ ਆਪਣੇ ਘਰ ਖੜ੍ਹੇ ਸਨ ਜੋ ਕਿ ਘੋਰ ਬੇਅਦਬੀ ਹੈ।
ਸਰਕਾਰਾਂ ਬਦਲਣ ਦੇ ਨਾਲ ਰਣਬੀਰ ਸਿੰਘ ਖੱਟੜਾ ਦੇ ਬਿਆਨ ਬਦਲੇ
ਉਹਨਾਂ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਖੱਟੜਾ ਖੁਦ ਇਹ ਬਿਆਨ ਦਿੰਦੇ ਸਨ ਕਿ ਕੇਸ ਦੇ ਦੋਸ਼ੀਆਂ ਨੂੰ ਫੜਨ ਅਤੇ ਕੇਸ ਨੂੰ ਹੱਲ ਕਰਨ ਸਬੰਧੀ ਅਕਾਲੀ ਦਲ ਦੀ ਸਰਕਾਰ ਦਾ ਬਹੁਤ ਦਬਾਅ ਸੀ ਪਰ ਸਰਕਾਰਾਂ ਬਦਲਣ ਦੇ ਨਾਲ ਰਣਬੀਰ ਸਿੰਘ ਖੱਟੜਾ ਦੇ ਬਿਆਨ ਵੀ ਬਦਲ ਗਏ ਹਨ।
ਉਹਨਾਂ ਕਿਹਾ ਕਿ ਬੇਅਦਬੀਆਂ ਦੇ ਮਾਮਲੇ ’ਤੇ ਰਾਜਨੀਤੀ ਕਰਨ ਲਈ ਅਕਾਲੀ ਦਲ ਨੂੰ ਰੱਜ ਕੇ ਬਦਨਾਮ ਕੀਤਾ ਗਿਆ ਤੇ ਅੱਜ ਵੀ ਕੀਤਾ ਜਾ ਰਿਹਾ ਹੈ ਜਦੋਂ ਕਿ ਅਕਾਲੀ ਦਲ ਨੂੰ ਸੱਤਾ ਵਿਚੋਂ ਬਾਹਰ ਹੋਏ ਨੂੰ ਤਕਰੀਬਨ ਅੱਠ ਸਾਲ ਲੰਘ ਚੱਲੇ ਹਨ ਤੇ ਕਾਂਗਰਸ ਤੇ ਆਪ ਸਰਕਾਰਾਂ ਇਸ ਸਮੇਂ ਦੌਰਾਨ ਪੰਜਾਬ ਵਿਚ ਸੱਤਾ ਵਿਚ ਰਹੀਆਂ ਹਨ ਪਰ ਉਹਨਾਂ ਬੇਅਦਬੀਆਂ ਦਾ ਇਨਸਾਫ ਦੇਣ ਦੀ ਥਾਂ ਸਿਰਫ ਰਾਜਨੀਤੀ ਹੀ ਕੀਤੀ ਹੈ।
ਸਿਰਫ ਇਕ ਕੇਸ ਵਿਚ ਕੀਤੀ ਗਈ ਗ੍ਰਿਫਤਾਰੀ
ਵਲਟੋਹਾ ਨੇ ਕਿਹਾ ਕਿ ਪ੍ਰਦੀਪ ਕਲੇਰ ਬੇਅਦਬੀ ਦੇ ਤਿੰਨ ਕੇਸਾਂ ਵਿਚ ਭਗੌੜੇ ਦੋਸ਼ੀ ਵਜੋਂ ਨਾਮਜ਼ਦ ਹੈ ਪਰ ਉਸਦੀ ਗ੍ਰਿਫਤਾਰੀ ਸਿਰਫ ਇਕ ਕੇਸ ਵਿਚ ਕੀਤੀ ਗਈ ਤੇ ਉਸ ਵਿਚੋਂ ਵੀ ਉਸਨੂੰ ਜ਼ਮਾਨਤ ਮਿਲ ਗਈ ਹੈ ਤੇ ਦੋ ਕੇਸਾਂ ਵਿਚ ਹਾਲੇ ਵੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ ? ਉਹਨਾਂ ਕਿਹਾ ਕਿ ਬੇਸ਼ੱਕ ਸਰਦਾਰ ਰਣਬੀਰ ਸਿੰਘ ਖੱਟੜਾ ਹੋਣ, ਪ੍ਰਦੀਪ ਕਲੇਰ ਜਾਂ ਕੋਈ ਹੋਰ, ਕਾਂਗਰਸ ਪਾਰਟੀ ਤੇ ਆਪ ਸਰਕਾਰ ਦਾ ਸਾਰਾ ਜ਼ੋਰ ਅਕਾਲੀ ਦਲ ਦੀ ਬਦਨਾਮੀ ਕਰਨ ’ਤੇ ਲੱਗਾ ਹੋਇਆ ਹੈ ਪਰ ਇਹ ਸਾਰੀਆਂ ਸਾਜ਼ਿਸ਼ਾਂ ਤੱਥਾਂ ਦੇ ਆਧਾਰ ’ਤੇ ਮੂਧੇ ਮੂੰਹ ਡਿੱਗਣੀਆਂ ਤੇ ਅੰਤ ਜਿੱਤ ਸੱਚ ਦੀ ਹੋਵੇਗੀ।
ਇਹ ਵੀ ਪੜ੍ਹੋ : ਸੈਮੀਫਾਈਨਲ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੂੰ ਝਟਕਾ ,ਜਰਮਨੀ ਖਿਲਾਫ਼ ਨਹੀਂ ਖੇਡ ਸਕਣਗੇ ਅਮਿਤ ਰੋਹੀਦਾਸ
ਇਸ ਮੌਕੇ ਵਲਟੋਹਾ ਨੇ ਅਕਾਲੀ ਦਲ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਨੂੰ ਨੰਗਿਆਂ ਕਰਦੀਆਂ ਤਿੰਨ ਵੀਡੀਓ ਰਿਕਾਰਡਿੰਗਾਂ ਵੀ ਮੀਡੀਆ ਸਾਹਮਣੇ ਪੇਸ਼ ਕੀਤੀਆਂ ਤੇ ਦੱਸਿਆ ਕਿ ਕਿਵੇਂ ਅਕਾਲੀ ਦਲ ਖਿਲਾਫ ਸਾਜ਼ਿਸ਼ਾ ਰਚੀਆਂ ਗਈਆਂ ਤੇ ਜਾ ਵੀ ਰਹੀਆਂ ਹਨ।