ਹੁਸ਼ਿਆਰਪੁਰ ‘ਚ ਭਿਆਨਕ ਸੜਕ ਹਾਦਸਾ, ਦੋ ਟਿੱਪਰ ਆਪਲ ਚ ਭਿੜੇ
ਹੁਸ਼ਿਆਰਪੁਰ ਦੇ ਗੜ੍ਹਸ਼ੰਕਰ-ਨੰਗਲ ਰੋਡ ‘ਤੇ ਪਿੰਡ ਸ਼ਾਹਪੁਰ ਨੇੜੇ ਦੋ ਟਿੱਪਰਾਂ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਦੌਰਾਨ ਦੋਵਾਂ ਟਿੱਪਰਾਂ ਦੀ ਟੱਕਰ ਨਾਲ ਬਾਈਕ ਸਵਾਰ ਦੀ ਮੌਤ ਹੋ ਗਈ, ਜਦਕਿ ਟਿੱਪਰ ਚਾਲਕ ਗੰਭੀਰ ਜ਼ਖਮੀ ਹੋ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਟਿੱਪਰ ਨੁਕਸਾਨੇ ਗਏ।
ਬਾਈਕ ਸਵਾਰ ਵਿਚਕਾਰ ਫਸ ਗਿਆ
ਜਾਣਕਾਰੀ ਅਨੁਸਾਰ ਪਿੰਡ ਸ਼ਾਹਪੁਰ ਨੇੜੇ ਪਹਾੜੀ ਵਾਲੇ ਪਾਸਿਓਂ ਦੋ ਟਿੱਪਰ ਆ ਰਹੇ ਸਨ। ਦੋਵੇਂ ਬੇਕਾਬੂ ਹੋ ਕੇ ਇਕ ਦੂਜੇ ਨਾਲ ਟਕਰਾ ਗਏ। ਇਸ ਦੌਰਾਨ ਉੱਥੋਂ ਲੰਘ ਰਿਹਾ ਇੱਕ ਬਾਈਕ ਸਵਾਰ ਦੋਵੇਂ ਟਿੱਪਰਾਂ ਦੀ ਟੱਕਰ ਨਾਲ ਸੜਕ ਦੇ ਵਿਚਕਾਰ ਹੀ ਫਸ ਗਿਆ। ਹਾਦਸੇ ‘ਚ ਬਾਈਕ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਟਿੱਪਰ ਚਾਲਕ ਗੰਭੀਰ ਜ਼ਖਮੀ ਹੋ ਗਿਆ।
ਲੋਕਾਂ ਨੇ ਜ਼ਖਮੀ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖਲ ਕਰਵਾਇਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉੱਥੋਂ ਦੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਨਵਾਂਸ਼ਹਿਰ ਰੈਫਰ ਕਰ ਦਿੱਤਾ। ਇਸ ਤੋਂ ਬਾਅਦ ਪਿੰਡ ਵਾਸੀ ਮੌਕੇ ‘ਤੇ ਇਕੱਠੇ ਹੋ ਗਏ ਅਤੇ ਮ੍ਰਿਤਕ ਨੂੰ ਹਸਪਤਾਲ ਪਹੁੰਚਾਇਆ।
ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜਿਆ
ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਵਾਸੀ ਪਿੰਡ ਸ਼ਾਹਪੁਰ, ਥਾਣਾ ਗੜ੍ਹਸ਼ੰਕਰ ਵਜੋਂ ਹੋਈ ਹੈ। ਗੰਭੀਰ ਜ਼ਖ਼ਮੀ ਟਿੱਪਰ ਚਾਲਕ ਦੀ ਪਛਾਣ ਅਵਤਾਰ ਸਿੰਘ ਵਾਸੀ ਪਿੰਡ ਬੜੂਪਾਲ, ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
			
		








