ਓਲੰਪਿਕਸ ‘ਚ PV Sindhu ਨੇ ਦਰਜ ਕੀਤੀ ਪਹਿਲੀ ਜਿੱਤ
ਪੈਰਿਸ ਓਲੰਪਿਕਸ ‘ਚ ਭਾਰਤ ਕਾਫੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ | ਜਿੱਥੇ ਕਿ ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਵੂਮੈਨ ਸਿੰਗਲਜ਼ ਦੇ ਗਰੁੱਪ-M ਵਿੱਚ ਆਪਣੇ ਪਹਿਲੇ ਮੈਚ ਵਿੱਚ ਮਾਲਦੀਵ ਦੀ ਫਾਤਿਮਾ ਨਬਾਹਾ ਅਬਦੁਲ ਰਜ਼ਾਕ ਨੂੰ ਆਸਾਨੀ ਨਾਲ ਹਰਾ ਦਿੱਤਾ | ਸਿੰਧੂ ਨੇ ਵਿਸ਼ਵ ਨੰਬਰ -111 ਖਿਡਾਰੀ ਦੇ ਖਿਲਾਫ਼ ਇਹ ਮੈਚ 21-9, 21-6 ਨਾਲ ਜਿੱਤਿਆ। ਇਸ ਦੇ ਨਾਲ ਹੀ ਸਿੰਧੂ ਨੂੰ ਮੈਚ ਜਿੱਤਣ ਵਿੱਚ ਸਿਰਫ਼ 29 ਮਿੰਟ ਦਾ ਸਮਾਂ ਲੱਗਿਆ। ਹੁਣ ਸਿੰਧੂ ਆਪਣੇ ਦੂਜੇ ਗਰੁੱਪ ਮੈਚ ਵਿੱਚ 31 ਜੁਲਾਈ ਨੂੰ ਐਸਟੋਨਿਆ ਦੀ ਕ੍ਰਿਸੀਟਨ ਕੁਬਾ ਦਾ ਸਾਹਮਣਾ ਕਰੇਗੀ। ਉਸ ਮੈਚ ਨੂੰ ਜਿੱਤਣ ‘ਤੇ ਉਹ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਜਾਵੇਗੀ।
ਮੈਡਲਾਂ ਦੀ ਹੈਟ੍ਰਿਕ ਪੂਰੀ ਕਰਨ ਵਾਲੀ ਭਾਰਤ ਦੀ ਪਹਿਲੀ ਖਿਡਾਰੀ
ਧਿਆਨਯੋਗ ਹੈ ਕਿ ਪੀਵੀ ਸਿੰਧੂ ਨੇ ਰਿਯੋ ਓਲੰਪਿਕ ਵਿੱਚ ਚਾਂਦੀ ਤੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਜੇਕਰ ਉਹ ਪੈਰਿਸ ਓਲੰਪਿਕ ਵਿੱਚ ਪੋਡਿਅਮ ‘ਤੇ ਪਹੁੰਚਣ ਵਿੱਚ ਸਫਲ ਰਹਿੰਦੀ ਹੈ ਤਾਂ ਫਿਰ ਉਹ ਮੈਡਲਾਂ ਦੀ ਹੈਟ੍ਰਿਕ ਪੂਰੀ ਕਰਨ ਵਾਲੀ ਭਾਰਤ ਦੀ ਪਹਿਲੀ ਖਿਡਾਰੀ ਬਣ ਜਾਵੇਗੀ। 29 ਸਾਲ ਦੀ ਸਿੰਧੂ ਪਿਛਲੇ ਕੁਝ ਸਮੇਂ ਵਿੱਚ ਲੈਅ ਵਿੱਚ ਨਹੀਂ ਚੱਲ ਰਹੀ ਹੈ, ਪਰ ਉਨ੍ਹਾਂ ਕਿਹਾ ਕਿ ਪਿਛਲੇ 8 ਮਹੀਨੇ ਪ੍ਰਕਾਸ਼ ਪਾਦੂਕੋਣ ਨਾਲ ਬਿਤਾਉਣ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਿਆ ਹੈ |
ਇਹ ਵੀ ਪੜ੍ਹੋ : ਸ਼ੰਭੂ ਪੁਲਿਸ ਨੇ ਫੜੀ ‘Endeavour’ ਗੱਡੀ, ਵਿੱਚੋਂ ਨਿਕਲੇ ਨੋਟਾਂ ਦੇ ਢੇਰ
ਰਾਊਂਡ ਆਫ 16 ਵਿੱਚ ਮਿਲੇਗੀ ਵੱਡੀ ਚੁਣੌਤੀ
ਇਸ ਤੋਂ ਇਲਾਵਾ ਸਿੰਧੂ ਦੀ ਪਹਿਲੀ ਵੱਡੀ ਚੁਣੌਤੀ ਰਾਊਂਡ ਆਫ 16 ਵਿੱਚ ਮਿਲੇਗੀ, ਜਦੋਂ ਉਹ ਟੋਕੀਓ ਓਲੰਪਿਕ ਦੀ ਕਾਂਸੀ ਦੇ ਮੈਡਲ ਮੁਕਾਬਲੇ ਦੀ ਵਿਰੋਧੀ ਰਹੀ ਚੀਨ ਦੀ ਹੇ ਬਿੰਗਜਿਯਾ ਨਾਲ ਭਿੜੇਗੀ। ਬਿੰਗਜਿਯਾ ਨੂੰ ਸਿੰਧੂ ਨੇ ਉਸ ਮੈਚ ਵਿੱਚ 21-13, 21-15 ਨਾਲ ਆਸਾਨੀ ਨਾਲ ਹਰਾਇਆ ਸੀ। ਹਾਲਾਂਕਿ ਬਿੰਗਜਿਯਾ ਨੇ 2022 ਏਸ਼ਿਆਈ ਖੇਡਾਂ ਵਿੱਚ ਪੀਵੀ ਸਿੰਧੂ ਤੋਂ ਆਪਣਾ ਪਿਛਲੇ ਮੁਕਾਬਲਾ ਜਿੱਤਿਆ ਸੀ।