ਮੇਲਾ ਦੇਖਣ ਗਿਆ ਸੀ ਪਰਿਵਾਰ, ਮਗਰੋਂ 10ਵੀਂ ‘ਚ ਪੜ੍ਹਦੇ ਨੌਜਵਾਨ ਨੇ ਚੁੱਕ ਲਿਆ ਖੌਫ਼ਨਾਕ ਕਦਮ
ਜਲੰਧਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ 10ਵੀਂ ‘ਚ ਪੜ੍ਹਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਖੁਸ਼ੀ ਕਰ ਲਈ ਹੈ | ਮ੍ਰਿਤਕ ਦੀ ਪਛਾਣ 16 ਸਾਲਾ ਜਸਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਸ਼ਾਹਕੋਟ ਦੇ ਪਿੰਡ ਕੋਟਲਾ ਸੂਰਜ ਮੱਲ ਦਾ ਰਹਿਣ ਵਾਲਾ ਸੀ। ਅਜੇ ਤੱਕ ਖੁਦਖੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਹੈ | ਜਵਾਨੀ ‘ਚ ਨੌਜਵਾਨ ਦੀ ਮੌਤ ਨਾਲ ਪਰਿਵਾਰ ਨੂੰ ਇੱਕ ਵੱਡਾ ਸਦਮਾ ਲੱਗਾ ਹੈ ਅਤੇ ਉਹਨਾਂ ਦਾ ਰੋ -ਰੋ ਬੁਰਾ ਹਾਲ ਹੈ |
ਦਰਵਾਜ਼ਾ ਖੋਲ੍ਹਣ ‘ਤੇ ਸਾਰੇ ਰਹਿ ਗਏ ਹੈਰਾਨ
ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਦੇ ਸਾਰੇ ਮੈਂਬਰ ਮੇਲਾ ਦੇਖਣ ਲਈ ਨੇੜਲੇ ਪਿੰਡ ਗਏ ਹੋਏ ਸਨ ਪਰ ਜਸਪ੍ਰੀਤ ਸਿੰਘ ਘਰ ਵਿੱਚ ਇਕੱਲਾ ਸੀ। ਜਦੋਂ ਕਰੀਬ 4 ਵਜੇ ਜਸਪ੍ਰੀਤ ਦੀ ਭੈਣ ਘਰ ਆਈ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਦਰਵਾਜ਼ਾ ਨਾ ਖੁੱਲ੍ਹਣ ‘ਤੇ ਉਸ ਨੇ ਗੁਆਂਢੀਆਂ ਨੂੰ ਬੁਲਾਇਆ। ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸਾਰੇ ਹੈਰਾਨ ਰਹਿ ਗਏ। ਜਸਪ੍ਰੀਤ ਦਾ ਸਰੀਰ ਗਾਡਰ ‘ਤੇ ਝੂਲ ਰਿਹਾ ਸੀ।
ਡਾਕਟਰਾਂ ਨੇ ਐਲਾਨ ਦਿੱਤਾ ਮ੍ਰਿਤਕ
ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਤੁਰੰਤ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਜਸਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਾਹਕੋਟ ਦੇ SHO ਨੇ ਮੌਕੇ ’ਤੇ ਪਹੁੰਚ ਕੇ ਜਸਪ੍ਰੀਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।