ਲਿਵ-ਇਨ ਰਿਲੇਸ਼ਨ ਨੂੰ ਨਹੀਂ ਮੰਨਿਆ ਜਾ ਸਕਦਾ ਵਿਆਹ , ਹਾਈਕੋਰਟ ਨੇ ਸੁਰੱਖਿਆ ਦੇਣ ਤੋਂ ਕੀਤਾ ਇਨਕਾਰ
ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਇੱਕ ਜੋੜੇ ਨੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਵਿੱਚ ਪਟੀਸ਼ਨ ਦਾਇਰ ਕੀਤੀ। ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਕਿਹਾ ਕਿ ਘਰੋਂ ਭੱਜ ਕੇ ਰਜ਼ਾਮੰਦੀ ਦੇ ਰਿਸ਼ਤੇ ਵਿੱਚ ਰਹਿਣ ਵਾਲੇ ਪ੍ਰੇਮੀ ਨਾ ਸਿਰਫ਼ ਮਾਪਿਆਂ ਦਾ ਨਾਂ ਬਦਨਾਮ ਕਰ ਰਹੇ ਹਨ ਸਗੋਂ ਉਨ੍ਹਾਂ ਦੇ ਇੱਜ਼ਤ ਨਾਲ ਜਿਉਣ ਦੇ ਅਧਿਕਾਰ ਦੀ ਵੀ ਉਲੰਘਣਾ ਕਰ ਰਹੇ ਹਨ। ਇਸ ਤੋਂ ਇਲਾਵਾ, ਪਹਿਲਾਂ ਤੋਂ ਹੀ ਵਿਆਹੇ ਹੋਣ ਤੋਂ ਬਾਅਦ ਸਹਿਮਤੀ ਵਾਲੇ ਰਿਸ਼ਤੇ ਵਿੱਚ ਰਹਿਣਾ ਨਾ ਸਿਰਫ਼ ਵਿਭਚਾਰ ਹੈ, ਸਗੋਂ ਦੂਜਾ ਵਿਆਹ ਵੀ ਹੈ, ਜੋ ਕਿ ਇੱਕ ਅਪਰਾਧ ਹੈ। ਅਦਾਲਤ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਪੁਲੀਸ ਨੂੰ ਸੁਰੱਖਿਆ ਦੇਣ ਦਾ ਹੁਕਮ ਦੇਣਾ ਇਨ੍ਹਾਂ ਰਿਸ਼ਤਿਆਂ ਨੂੰ ਮਾਨਤਾ ਦੇਣ ਦੇ ਬਰਾਬਰ ਹੋਵੇਗਾ। ਅਦਾਲਤ ਨੇ ਇਹ ਵੀ ਕਿਹਾ ਕਿ ਭਾਰਤ ਵਰਗੇ ਦੇਸ਼ ਵਿੱਚ ਵਿਆਹ ਇੱਕ ਪਵਿੱਤਰ ਬੰਧਨ ਹੈ ਅਤੇ ਸਮਾਜ ਦਾ ਆਧਾਰ ਹੈ।
ਅਦਾਲਤ ਤੋਂ ਸੁਰੱਖਿਆ ਦੀ ਕੀਤੀ ਸੀ ਮੰਗ
ਹਾਈਕੋਰਟ ਵਿੱਚ 40 ਸਾਲ ਤੋਂ ਵੱਧ ਉਮਰ ਦੀ ਇੱਕ ਔਰਤ ਅਤੇ 44 ਸਾਲ ਤੋਂ ਵੱਧ ਉਮਰ ਦੇ ਇੱਕ ਪੁਰਸ਼ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਦੋਵਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਜਾਨ ਦੇ ਖਤਰੇ ਦਾ ਹਵਾਵਾ ਦਿੰਦਿਆ ਅਦਾਲਤ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਇਸ ਮਾਮਲੇ ਵਿੱਚ, ਔਰਤ ਪਹਿਲਾਂ ਹੀ ਤਲਾਕਸ਼ੁਦਾ ਹੈ ਜਦੋਂ ਕਿ ਆਦਮੀ ਵਿਆਹਿਆ ਹੋਇਆ ਹੈ ਅਤੇ ਬੱਚੇ ਹਨ। ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਹਨ ਅਤੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣਾ ਚਾਹੁੰਦੇ ਹਨ।
ਹਰ ਲਿਵ-ਇਨ ਰਿਲੇਸ਼ਨਸ਼ਿਪ ਨੂੰ ਨਹੀਂ ਮੰਨਿਆ ਜਾ ਸਕਦਾ ਵਿਆਹ
ਪਟੀਸ਼ਨ ਨੂੰ ਰੱਦ ਕਰਦਿਆਂ ਅਦਾਲਤ ਨੇ ਕਿਹਾ ਕਿ ਹਰ ਲਿਵ-ਇਨ ਰਿਲੇਸ਼ਨਸ਼ਿਪ ਨੂੰ ਵਿਆਹ ਨਹੀਂ ਮੰਨਿਆ ਜਾ ਸਕਦਾ। ਦੋਹਾਂ ਦਾ ਰਿਸ਼ਤਾ ਵਿਆਹ ਵਰਗਾ ਨਹੀਂ ਹੈ ਕਿਉਂਕਿ ਇਸ ਵਿਚ ਵਿਆਹ ਦੇ ਗੁਣ ਨਹੀਂ ਹਨ। ਅਦਾਲਤ ਨੇ ਕਿਹਾ ਕਿ ਜੇਕਰ ਇਸ ਰਿਸ਼ਤੇ ਨੂੰ ਵਿਆਹ ਮੰਨਿਆ ਜਾਂਦਾ ਹੈ ਤਾਂ ਇਹ ਉਨ੍ਹਾਂ ਪਤਨੀ ਅਤੇ ਬੱਚਿਆਂ ਨਾਲ ਬੇਇਨਸਾਫੀ ਹੋਵੇਗੀ ਜੋ ਇਸ ਰਿਸ਼ਤੇ ਦੇ ਖਿਲਾਫ ਹਨ।
ਇਹ ਵੀ ਪੜ੍ਹੋ : ਨਿੱਜੀ ਯੂਨੀਵਰਸਿਟੀ ‘ਚ ਲਾਈਬ੍ਰੇਰੀਅਨ ਨਾਲ ਵਾਪਰ ਗਿਆ ਭਾਣਾ , ਹੋਈ ਮੌਤ
ਵਿਆਹ ਇੱਕ ਪਵਿੱਤਰ ਮਿਲਾਪ
ਜਸਟਿਸ ਸੰਦੀਪ ਮੌਦਗਿਲ ਨੇ ਕਿਹਾ ਕਿ ਵਿਆਹ ਇੱਕ ਪਵਿੱਤਰ ਮਿਲਾਪ ਹੈ ਜਿਸ ਦੇ ਕਾਨੂੰਨੀ ਪਹਿਲੂ ਅਤੇ ਸਮਾਜਿਕ ਮਾਨਤਾ ਹੈ। ਸਾਡੇ ਸੱਭਿਆਚਾਰ ਵਿੱਚ ਨੈਤਿਕਤਾ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਪਰ ਸਮੇਂ ਦੇ ਨਾਲ ਅਸੀਂ ਪੱਛਮੀ ਸੱਭਿਅਤਾ ਨੂੰ ਅਪਣਾ ਰਹੇ ਹਾਂ ਜੋ ਸਾਡੇ ਸੱਭਿਆਚਾਰ ਨਾਲੋਂ ਵੱਖਰੀ ਹੈ। ਭਾਰਤ ਦਾ ਇੱਕ ਵਰਗ ਲਿਵ-ਇਨ ਰਿਲੇਸ਼ਨਸ਼ਿਪ ਨੂੰ ਅਪਣਾ ਰਿਹਾ ਹੈ। ਜਸਟਿਸ ਮੌਦਗਿਲ ਨੇ ਇਹ ਗੱਲ ਉਸ ਕੇਸ ਵਿੱਚ ਕਹੀ ਜਿਸ ਵਿੱਚ ਇੱਕ ਲਿਵ-ਇਨ ਜੋੜੇ ਨੇ ਸੁਰੱਖਿਆ ਦੀ ਮੰਗ ਕੀਤੀ ਸੀ।