ਗਰਮੀ ਤੇ ਹੁੰਮਸ ਤੋਂ ਪੰਜਾਬ ਵਾਸੀ ਪ੍ਰੇਸ਼ਾਨ, ਮੌਸਮ ਵਿਭਾਗ ਵਲੋਂ ਇਕ ਜ਼ਿਲ੍ਹੇ ‘ਚ ਮੀਂਹ ਦਾ ਆਰੇਂਜ ਅਲਰਟ ਅਤੇ 14 ‘ਚ ਯੈਲੋ ਅਲਰਟ ਜਾਰੀ
ਚੰਡੀਗੜ੍ਹ, 24 ਜੁਲਾਈ, ਪੰਜਾਬ ਵਿੱਚ ਅੱਜ ਬੁੱਧਵਾਰ ਨੂੰ ਵੀ ਮੀਂਹ ਦਾ ਅਲਰਟ ਹੈ। ਮੌਸਮ ਵਿਭਾਗ ਨੇ ਇਕ ਜ਼ਿਲੇ ‘ਚ ਆਰੇਂਜ ਅਲਰਟ ਅਤੇ 14 ‘ਚ ਯੈਲੋ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਮਾਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਹੈ। ਅਲਰਟ ਤੋਂ ਬਾਅਦ ਵੀ ਬਾਰਿਸ਼ ਨਹੀਂ ਹੋ ਰਹੀ ਹੈ। ਇਸ ਕਾਰਨ ਗਰਮੀ ਅਤੇ ਹੁੰਮਸ ਦੀ ਸਥਿਤੀ ਬਣੀ ਹੋਈ ਹੈ।
ਇਹ ਵੀ ਪੜ੍ਹੋ: ਬਾਲ ਅਧਿਕਾਰ ਸੰਗਠਨ ਨੇ Netflix ਨੂੰ ਭੇਜਿਆ ਸੰਮਨ
ਜਦੋਂ ਕਿ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ -0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਇਹ ਆਮ ਦੇ ਨੇੜੇ ਆ ਗਿਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 39.6 ਡਿਗਰੀ ਦਰਜ ਕੀਤਾ ਗਿਆ।
ਚੱਲਣਗੀਆਂ ਤੇਜ਼ ਹਵਾਵਾਂ
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮਾਨਸਾ, ਬਠਿੰਡਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਵਿੱਚ ਸਵੇਰੇ 10 ਵਜੇ ਤੱਕ ਦਰਮਿਆਨੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ।
ਭਾਰੀ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਮੁਤਾਬਕ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ ‘ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਅਜਿਹੇ ਵਿੱਚ ਜ਼ਿਲ੍ਹੇ ਲਈ ਆਰੇਂਜ ਅਲਰਟ ਹੈ। ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਬਠਿੰਡਾ, ਲੁਧਿਆਣਾ, ਮਾਨਸਾ, ਨਵਾਂਸ਼ਹਿਰ, ਰੂਪਨਗਰ, ਪਟਿਆਲਾ ਅਤੇ ਮੋਹਾਲੀ ‘ਚ ਬਿਜਲੀ ਚਮਕਣ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜੁਲਾਈ ਦਾ ਮਹੀਨਾ ਖਤਮ ਹੋਣ ਵਾਲਾ ਹੈ। ਪਰ ਇਸ ਦੇ ਬਾਵਜੂਦ ਉਸ ਅਨੁਸਾਰ ਮੀਂਹ ਨਹੀਂ ਪੈ ਰਿਹਾ। ਸਾਰੇ ਜ਼ਿਲ੍ਹਿਆਂ ਵਿੱਚ ਘੱਟ ਬਾਰਿਸ਼ ਹੋਈ ਹੈ। ਇਸ ਦੇ ਨਾਲ ਹੀ 1 ਜੂਨ ਤੋਂ ਹੁਣ ਤੱਕ ਸੂਬੇ ‘ਚ 49 ਫੀਸਦੀ ਘੱਟ ਬਾਰਿਸ਼ ਹੋਈ ਹੈ।