ਕਾਂਵੜ ਯਾਤਰਾ ‘ਚ ਨੇਮ ਪਲੇਟ ਦਾ ਵੱਧ ਰਿਹਾ ਵਿਵਾਦ , ਵਿਸ਼ਵ ਹਿੰਦੂ ਸੈਨਾ ਚੀਫ ਨੇ ਦਿੱਤਾ ਵਿਵਾਦਿਤ ਬਿਆਨ
ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਕਾਂਵੜ ਯਾਤਰਾ ਰੂਟ ‘ਤੇ ਖਾਣ-ਪੀਣ ਦੀਆਂ ਵਸਤੂਆਂ ਵੇਚਣ ਵਾਲੇ ਸਾਰੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ‘ਤੇ ਨੇਮ ਪਲੇਟਾਂ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਹੁਕਮ ਅਨੁਸਾਰ ਦੁਕਾਨਦਾਰਾਂ ਨੂੰ ਕਾਂਵੜ ਰਸਤੇ ‘ਤੇ ਪੈਂਦੇ ਹੋਟਲਾਂ, ਢਾਬਿਆਂ, ਦੁਕਾਨਾਂ ਅਤੇ ਰੇਹੜੀਆਂ ‘ਤੇ ਆਪਣੀਆਂ ਨੇਮ ਪਲੇਟਾਂ ਲਗਾਉਣੀਆਂ ਪੈਣਗੀਆਂ। ਜਿਸਦੇ ਚੱਲਦਿਆਂ ਇਸ ਹੁਕਮ ਨੂੰ ਲੈ ਕੇ ਘਮਸਾਣ ਜਾਰੀ ਹੈ | ਜਿੱਥੇ ਵਿਰੋਧੀ ਧਿਰ ਯੋਗੀ ਸਰਕਾਰ ਦੇ ਇਸ ਹੁਕਮ ‘ਤੇ ਹਮਲਾ ਬੋਲ ਰਹੀ ਹੈ, ਉਥੇ ਹੀ ਦੂਜੇ ਪਾਸੇ ਕਾਸ਼ੀ ਦੇ ਸੰਤ ਅਤੇ ਹਿੰਦੂ ਸੰਗਠਨ ਇਸ ਮਾਮਲੇ ਨੂੰ ਲੈ ਕੇ ਸਰਕਾਰ ਦੇ ਸਮਰਥਨ ‘ਚ ਹਨ।
ਵਿਰੋਧ ਕਰਨ ਵਾਲੇ ਨੇਤਾਵਾਂ ਨੂੰ ਦਿੱਤੀ ਚਿਤਾਵਨੀ
ਅਖਿਲ ਭਾਰਤੀ ਸੰਤ ਸਮਿਤੀ ਦੇ ਰਾਸ਼ਟਰੀ ਜਨਰਲ ਸਕੱਤਰ ਸਵਾਮੀ ਜਿਤੇਂਦਰਾਨੰਦ ਸਰਸਵਤੀ ਤੋਂ ਬਾਅਦ ਹੁਣ ਵਿਸ਼ਵ ਹਿੰਦੂ ਸੈਨਾ ਦੇ ਮੁਖੀ ਅਰੁਣ ਪਾਠਕ ਨੇ ਯੋਗੀ ਸਰਕਾਰ ਦੇ ਫੈਸਲੇ ਦਾ ਸਮਰਥਨ ਕੀਤਾ ਹੈ ਅਤੇ ਇਸ ਦਾ ਵਿਰੋਧ ਕਰਨ ਵਾਲੇ ਨੇਤਾਵਾਂ ਨੂੰ ਚਿਤਾਵਨੀ ਦਿੱਤੀ ਹੈ। ਅਰੁਣ ਪਾਠਕ ਨੇ ਸੋਸ਼ਲ ਮੀਡੀਆ ਹੈਂਡਲ ‘ਤੇ ਲਿਖਿਆ ਕਿ ਜਦੋਂ ਹਿੰਦੂਆਂ ਨੂੰ ਹੱਜ ਵਿਚ ਜਾਣ ਦੀ ਮਨਾਹੀ ਹੈ ਤਾਂ ਫਿਰ ਗੈਰ-ਹਿੰਦੂਆਂ ਨੂੰ ਸਨਾਤਨੀਆਂ ਦੀ ਕਾਂਵੜ ਯਾਤਰਾ ਤੋਂ ਕਿਉਂ ਨਹੀਂ ਵਰਜਿਆ ਜਾਣਾ ਚਾਹੀਦਾ? ਉਨ੍ਹਾਂ ਯੋਗੀ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਵਿਰੋਧੀ ਨੇਤਾਵਾਂ ਨੂੰ ਇਸ ਮੁੱਦੇ ‘ਤੇ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਹੈ ਤਾਂ ਜੋ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।
ਯਾਤਰਾ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਫੈਸਲਾ ਸਵਾਗਤਯੋਗ
ਦੱਸ ਦਈਏ ਕਿ ਇਸ ਮੁੱਦੇ ‘ਤੇ ਅਖਿਲ ਭਾਰਤੀ ਸੰਤ ਸਮਿਤੀ ਦੇ ਰਾਸ਼ਟਰੀ ਜਨਰਲ ਸਕੱਤਰ ਸਵਾਮੀ ਜਿਤੇਂਦਰਾਨੰਦ ਸਰਸਵਤੀ ਨੇ ਵੀ ਵੀਡੀਓ ਜਾਰੀ ਕਰਕੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਚਿਤਾਵਨੀ ਦਿੱਤੀ ਸੀ। ਸਵਾਮੀ ਜਿਤੇਂਦਰਾਨੰਦ ਸਰਸਵਤੀ ਨੇ ਦੱਸਿਆ ਕਿ ਸਾਵਣ ਦੇ ਪਵਿੱਤਰ ਮਹੀਨੇ ‘ਚ ਸਨਾਤਨ ਸ਼ਿਵ ਭਗਤ ਕਾਂਵੜ ਯਾਤਰਾ ‘ਤੇ ਜਾਂਦੇ ਹਨ। ਅਜਿਹੇ ‘ਚ ਉਨ੍ਹਾਂ ਦੀ ਯਾਤਰਾ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਯੋਗੀ ਸਰਕਾਰ ਦਾ ਇਹ ਫੈਸਲਾ ਸਵਾਗਤਯੋਗ ਹੈ।
ਇਹ ਵੀ ਪੜ੍ਹੋ : ਘਰੋਂ ਦੋਸਤ ਨਾਲ ਗਏ ਨੌਜਵਾਨ ਨਾਲ ਵਾਪਰਿਆ ਭਾਣਾ , ਝਾੜੀਆਂ ‘ਚੋਂ ਮਿਲੀ ਲਾਸ਼
ਦੁਕਾਨਾਂ ‘ਤੇ ਮਾਲਕ ਦਾ ਨਾਂ ਲਿਖਣ ਦਾ ਹੁਕਮ ਕੁਝ ਨਵਾਂ
ਸਵਾਮੀ ਜਿਤੇਂਦਰਾਨੰਦ ਸਰਸਵਤੀ ਨੇ ਕਿਹਾ ਕਿ ਦੁਕਾਨਾਂ ‘ਤੇ ਮਾਲਕ ਦਾ ਨਾਂ ਲਿਖਣ ਦਾ ਹੁਕਮ ਕੁਝ ਨਵਾਂ ਹੈ। ਵਾਰਾਣਸੀ ‘ਚ ਅਜਿਹੀਆਂ ਕਈ ਦੁਕਾਨਾਂ ਹਨ, ਜਿਨ੍ਹਾਂ ‘ਤੇ ਨਗਰ ਨਿਗਮ ਪਹਿਲਾਂ ਹੀ ਦੁਕਾਨ ਮਾਲਕਾਂ ਦੇ ਨਾਂ ‘ਤੇ ਨਿਸ਼ਾਨ ਲਗਾ ਚੁੱਕਾ ਹੈ। ਇਸ ਨਾਲ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ।









