ਕਿਸਾਨਾਂ ਵੱਲੋਂ ਆਪਣੇ ਹੱਕਾਂ ਲਈ ਇੱਕ ਲੰਬਾ ਸੰਘਰਸ਼ ਜਾਰੀ ਹੈ। ਇਸ ਸੰਘਰਸ਼ ਦੇ ਚੱਲਦਿਆਂ ਹੁਣ ਤੱਕ ਅਨੇਕਾਂ ਕਿਸਾਨਾਂ ਦੀ ਮੌਤ ਹੋ ਗਈ ਹੈ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਸਿੰਘੂ ਬਾਰਡਰ ਉੱਤੇ ਪਿਛਲੇ 7 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਵਿਚ ਇਕ ਹੋਰ ਕਿਸਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਹੈ।
ਮ੍ਰਿਤਕ ਕਿਸਾਨ ਸੋਹਣ ਸਿੰਘ ਜ਼ਿਲ੍ਹਾ ਲੁਧਿਆਣਾ ਦਾ ਵਸਨੀਕ ਸੀ ਅਤੇ ਪਿਛਲੇ ਇੱਕ ਮਹੀਨੇ ਤੋਂ ਅੰਦੋਲਨ ਵਿੱਚ ਕਿਸਾਨਾਂ ਦੀ ਸੇਵਾ ਕਰ ਰਿਹਾ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੋਨੀਪਤ ਭੇਜ ਦਿੱਤਾ ਹੈ ਅਤੇ ਕੁੰਡਲੀ ਥਾਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿੰਘੂ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਅੱਜ ਸਵੇਰੇ ਇਕ ਕਿਸਾਨ ਦੀ ਲਾਸ਼ ਨਵਲ ਹਸਪਤਾਲ ਦੇ ਨੇੜੇ ਟਰਾਂਸਫਾਰਮਰ ਦੇ ਕੋਲ ਮਿਲੀ। ਜਿਸ ਤੋਂ ਬਾਅਦ ਪਤਾ ਲੱਗਿਆ ਕਿ ਕਿਸਾਨ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਸੀ।
ਇੱਕ ਸਾਥੀ ਕਿਸਾਨ ਮਨਜਿੰਦਰ ਸਿੰਘ ਨੇ ਦੱਸਿਆ ਕਿ ਸੋਹਣ ਸਿੰਘ ਜ਼ਿਲ੍ਹਾ ਲੁਧਿਆਣਾ ਪੰਜਾਬ ਦਾ ਵਸਨੀਕ ਸੀ। ਉਹ 10 ਜੂਨ ਨੂੰ ਅੰਦੋਲਨ ਵਿੱਚ ਆਏ ਸਨ ਅਤੇ 1 ਮਹੀਨੇ ਤੋਂ ਕਿਸਾਨਾਂ ਦੀ ਸੇਵਾ ਕਰ ਰਹੇ ਸਨ। ਅੰਦੋਲਨ ਵਿਚ, ਉਹ ਚਾਹ ਅਤੇ ਪਾਣੀ ਦੀ ਸੇਵਾ ਕਰਦੇ ਸਨ।
ਇਸ ਦੇ ਨਾਲ ਹੀ ਕੁੰਡਲੀ ਥਾਣੇ ਵਿੱਚ ਤਾਇਨਾਤ ਸਬ ਇੰਸਪੈਕਟਰ ਨਰੇਸ਼ ਨੇ ਦੱਸਿਆ ਕਿ ਕਿਸਾਨ ਅੰਦੋਲਨ ਵਿੱਚ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਸੋਹਣ ਸਿੰਘ ਲੁਧਿਆਣਾ ਜ਼ਿਲ੍ਹਾ ਪੰਜਾਬ ਦਾ ਵਸਨੀਕ ਸੀ।ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਜਨਰਲ ਹਸਪਤਾਲ ਸੋਨੀਪਤ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲਾਸ਼ ਪੋਸਟਮਾਰਟਮ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਜਾਵੇਗੀ। ਇਸ ਸੰਬੰਧੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।