ਪਾਰਟੀ ਖਿਲਾਫ ਪ੍ਰੋਗਰਾਮ ਕਰਨ ਵਾਲਿਆਂ ਲਈ ਮੁੱਖ ਦਫਤਰ ‘ਚ ਕੋਈ ਥਾਂ ਨਹੀਂ: ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਜਿਹੜੇ ਆਗੂਆਂ ਨੇ ਪਾਰਟੀ ਦੇ ਖਿਲਾਫ ਪ੍ਰੋਗਰਾਮ ਸ਼ੁਰੂ ਕੀਤੇ ਹਨ, ਉਨ੍ਹਾਂ ਲਈ ਮੁੱਖ ਦਫਤਰ ਵਿਚ ਕੋਈ ਥਾਂ ਨਹੀਂ ਹੈ ਤੇ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਵਰਕਰ ਅਜਿਹੇ ਤੱਤਾਂ ਨੂੰ ਬਰਦਾਸ਼ਤ ਨਹੀਂ ਕਰਨਗੇ।
ਪਾਰਟੀ ਦਾ ਮੁੱਖ ਦਫਤਰ ਹਰੇਕ ਲਈ
ਸੀਨੀਅਰ ਪਾਰਟੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪਾਰਟੀ ਦੇ ਸੀਨੀਅਰ ਆਗੂਆਂ, ਜ਼ਿਲ੍ਹਾ ਪ੍ਰਧਾਨਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਪਾਰਟੀ ਮੁੱਖ ਦਫਤਰ ਵਿਚ ਲੜੀਵਾਰ ਮੀਟਿੰਗਾਂ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਪ੍ਰਗਟਾਵਾ ਕੀਤਾ। ਡਾ. ਦਲਜੀਤ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਦਾ ਮੁੱਖ ਦਫਤਰ ਹਰੇਕ ਲਈ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਹਲਕਾ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਇਸਤਰੀ ਅਕਾਲੀ ਦਲ, ਐਸਸੀ ਵਿੰਗ, ਓਬੀਸੀ ਵਿੰਗ ਤੇ ਯੂਥ ਅਕਾਲੀ ਦਲ ਸਮੇਤ ਵੱਖ-ਵੱਖ ਵਿੰਗਾਂ ਨਾਲ ਮੀਟਿੰਗਾਂ ਕੀਤੀਆਂ ਤੇ ਹਾਲ ਹੀ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਵੀ ਮੀਟਿੰਗ ਕੀਤੀ।
ਅਜਿਹੇ ਆਗੂਆਂ ਲਈ ਪਾਰਟੀ ਮੁੱਖ ਦਫਤਰ ਵਿਚ ਕੋਈ ਥਾਂ ਨਹੀਂ
ਉਹਨਾਂ ਕਿਹਾ ਕਿ ਜਿਹੜੇ ਆਗੂ ਆਪਣੇ ਆਪ ਨੂੰ ਅਕਾਲੀ ਦਲ ਦੇ ਆਗੂ ਕਹਾਉਂਦੇ ਹਨ, ਉਹਨਾਂ ਨੇ ਇਹਨਾਂ ਮੀਟਿੰਗਾਂ ਵਿਚ ਭਾਗ ਨਹੀਂ ਲਿਆ ਹਾਲਾਂਕਿ ਸਾਰਿਆਂ ਨੂੰ ਮੀਟਿੰਗ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਇਹਨਾਂ ਆਗੂਆਂ ਨੇ ਆਪਣੀ ਪਾਰਟੀ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਦਾਅਵੇ ਕਰ ਰਹੇ ਹਨ ਕਿ ਉਹਨਾਂ ਪਾਰਟੀ ਦੇ ਮੁੱਖ ਦਫਤਰ ਵਿਚ ਮੀਟਿੰਗਾਂ ਕੀਤੀਆਂ ਹਨ। ਉਹਨਾਂ ਕਿਹਾ ਕਿ ਅਜਿਹੇ ਆਗੂਆਂ ਲਈ ਪਾਰਟੀ ਮੁੱਖ ਦਫਤਰ ਵਿਚ ਕੋਈ ਥਾਂ ਨਹੀਂ ਹੈ।
ਪਾਰਟੀ ਦਫਤਰ ਵੀ ਪ੍ਰਧਾਨ ਵੱਲੋਂ ਦਿੱਤੇ ਜਾਂਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਚਲਾਇਆ ਜਾਂਦਾ
ਅਕਾਲੀ ਆਗੂ ਨੇ ਸਪਸ਼ਟ ਕੀਤਾ ਕਿ ਪਾਰਟੀ ਦਾ ਇਕ ਸੰਵਿਧਾਨ ਹੈ ਅਤੇ ਚੁਣੇ ਹੋਏ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹਨ। ਉਹਨਾਂ ਕਿਹਾ ਕਿ ਪ੍ਰਧਾਨ ਦੀ ਚੋਣ ਨਿਯਮਾਂ ਮੁਤਾਬਕ ਲੋਕਤੰਤਰੀ ਪ੍ਰਕਿਰਿਆ ਅਨੁਸਾਰ ਹੁੰਦੀ ਹੈ। ਉਹਨਾਂ ਕਿਹਾ ਕਿ ਪਾਰਟੀ ਦਫਤਰ ਵੀ ਪ੍ਰਧਾਨ ਵੱਲੋਂ ਦਿੱਤੇ ਜਾਂਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਚਲਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਤੁਸੀਂ ਪ੍ਰਧਾਨ ਦੀ ਲੀਡਰਸ਼ਿਪ ਨੂੰ ਚੁਣੌਤੀ ਦੇ ਕੇ ਪਾਰਟੀ ਦਫਤਰ ਵਿਚ ਮੀਟਿੰਗਾਂ ਨਹੀਂ ਕਰ ਸਕਦੇ।
ਚੋਣਾਂ ਵਾਸਤੇ ਵੋਟਰਾਂ ਦੀਆਂ ਵੋਟਾਂ ਬਣਵਾਉਣ ਲਈ ਲੀਡਰਸ਼ਿਪ ਨੂੰ ਸਰਗਰਮ ਕਰਨਾ ਸੀ ਮਕਸਦ
ਅੱਜ ਹੋਈਆਂ ਮੀਟਿੰਗਾਂ ਦੇ ਵੇਰਵੇ ਸਾਂਝੇ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਇਸ ਮੀਟਿੰਗ ਦਾ ਮਕਸਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਾਸਤੇ ਵੋਟਰਾਂ ਦੀਆਂ ਵੋਟਾਂ ਬਣਵਾਉਣ ਲਈ ਲੀਡਰਸ਼ਿਪ ਨੂੰ ਸਰਗਰਮ ਕਰਨਾ ਸੀ। ਉਹਨਾਂ ਕਿਹਾ ਕਿ ਪਾਰਟੀ ਆਗੂਆਂ ਨੇ ਇਸ ਸਬੰਧੀ ਸੁਝਾਅ ਦਿੱਤੇ ਹਨ ਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਆਉਂਦੇ ਦਿਨਾਂ ਵਿਚ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਆਉਂਦੀਆਂ ਚਾਰ ਜ਼ਿਮਨੀ ਚੋਣਾਂ ਵਾਸਤੇ ਪਾਰਟੀ ਦੇ ਆਗੂਆਂ ਦੀਆਂ ਡਿਊਟੀਆਂ ਲਗਾਉਣ ਵਾਸਤੇ ਵੀ ਮੀਟਿੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਤਾਲਮੇਲ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਤੇ ਯੂਥ ਅਕਾਲੀ ਦਲ ਦੀ ਮੀਟਿੰਗ ਵੱਖਰੇ ਤੌਰ ’ਤੇ ਹੋਈ ਹੈ।
ਇਹ ਵੀ ਪੜ੍ਹੋ :ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ
ਡਾ. ਚੀਮਾ ਨੇ ਦੱਸਿਆ ਕਿ ਆਉਂਦੇ ਦਿਨਾਂ ਵਿਚ ਇਹਨਾਂ ਮਾਮਲਿਆਂ ’ਤੇ ਹੋਰ ਪਾਰਟੀਆਂ ਹੋਣਗੀਆਂ ਕਿਉਂਕਿ ਅੱਜ ਦੀਆਂ ਮੀਟਿੰਗਾਂ ਵਿਚ ਸਿਰਫ ਸੂਬੇ ਦੀ ਰਾਜਨੀਤੀ ਦੇ ਨਜ਼ਦੀਕੀ ਸ਼ਹਿਰਾਂ ਤੋਂ ਲੀਡਰਸ਼ਿਪ ਪਹੁੰਚੀ ਸੀ।









