ਦੁਵੱਲੇ ਸਬੰਧਾਂ ਦੀ ਮਜ਼ਬੂਤੀ ਲਈ ਚੈੱਕ ਗਣਰਾਜ ਦੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ : ਭਾਰਤ ਵਿੱਚ ਚੈੱਕ ਗਣਰਾਜ ਦੇ ਰਾਜਦੂਤ ਡਾ. ਐਲਿਸਕਾ ਜ਼ਿਗੋਵਾ ਦੀ ਅਗਵਾਈ ਵਿੱਚ ਚੈੱਕ ਗਣਰਾਜ ਦੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨਾਲ ਰਾਜ ਭਵਨ, ਚੰਡੀਗੜ੍ਹ ਵਿਖੇ ਮੁਲਾਕਾਤ ਕਰਕੇ ਪੰਜਾਬ ਅਤੇ ਚੈੱਕ ਗਣਰਾਜ ਦਰਮਿਆਨ ਸਮਾਜਿਕ, ਰਾਜਨੀਤਕ, ਆਰਥਿਕ, ਸੱਭਿਆਚਾਰਕ ਅਤੇ ਵਿਗਿਆਨਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਢੰਗ-ਤਰੀਕਿਆਂ ਬਾਰੇ ਚਰਚਾ ਕੀਤੀ ।
ਪੰਜਾਬ ਦੇ ਲੋਕ ਬਹਾਦਰ ਹੀ ਨਹੀਂ ਸਗੋਂ ਬਹੁਤ ਮਿਹਨਤੀ ਵੀ ਹਨ
ਮੀਟਿੰਗ ਦੌਰਾਨ ਰਾਜਪਾਲ ਨੇ ਕਿਹਾ ਕਿ ਭਾਰਤ ਵਿੱਚ ਦੱਖਣ ਤੋਂ ਉੱਤਰ ਤੱਕ ਅਰਥਾਤ ਦੱਖਣੀ ਭਾਰਤ ਵਿੱਚ ਧੋਤੀ ਤੋਂ ਲੈ ਕੇ ਉੱਤਰੀ ਰਾਜਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਦਸਤਾਰ ਦੇ ਵੱਖ-ਵੱਖ ਰੰਗਾਂ ਅਤੇ ਸ਼ੈਲੀਆਂ ਤੱਕ, ਵਿਭਿੰਨ ਸਮਾਜਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਹਨ । ਰਾਜਪਾਲ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਬਹਾਦਰ ਹੀ ਨਹੀਂ ਸਗੋਂ ਬਹੁਤ ਮਿਹਨਤੀ ਵੀ ਹਨ ਜੋ ਸਾਲ ਵਿੱਚ 2-3 ਫਸਲਾਂ ਦੀ ਪੈਦਾਵਾਰ ਕਰਦੇ ਹਨ ।
ਪੰਜਾਬ ਦੀ ਧਰਤੀ ‘ਤੇ ਈਕੋ ਟੂਰਿਜ਼ਮ ਦੀਆਂ ਵੀ ਅਥਾਹ ਸੰਭਾਵਨਾਵਾਂ
ਉਨ੍ਹਾਂ ਕਿਹਾ ਕਿ ਪੰਜਾਬ ਸਿਰਫ਼ ਧਾਰਮਿਕ ਸੈਰ-ਸਪਾਟੇ ਲਈ ਹੀ ਨਹੀਂ ਜਾਣਿਆ ਜਾਂਦਾ, ਸਗੋਂ ਇਸ ਧਰਤੀ ‘ਤੇ ਈਕੋ ਟੂਰਿਜ਼ਮ ਦੀਆਂ ਵੀ ਅਥਾਹ ਸੰਭਾਵਨਾਵਾਂ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਚੈੱਕ ਗਣਰਾਜ ਦੇ ਵਫ਼ਦ ਨੂੰ ਇਸ ਖਿੱਤੇ ਦੀ ਕੁਦਰਤੀ ਸੁੰਦਰਤਾ ਦਾ ਆਨੰਦ ਲੈਣ ਲਈ ਨੰਗਲ ਡੈਮ ਵਿਖੇ ਇੱਕ ਰਾਤ ਬਿਤਾਉਣ ਅਤੇ ਈਕੋ ਟੂਰਿਜ਼ਮ ਦੇ ਖੇਤਰ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਕਿਹਾ ।
ਇਹ ਵੀ ਪੜ੍ਹੋ : BBC ਪੱਤਰਕਾਰ ਨੂੰ ਵੱਡਾ ਸਦਮਾ , ਦੋ ਧੀਆਂ ਅਤੇ ਪਤਨੀ ਦਾ ਬੇਰਹਿਮੀ ਨਾਲ ਹੋਇਆ ਕਤਲ
ਪ੍ਰਾਗ ਅਤੇ ਚੰਡੀਗੜ੍ਹ ਦਰਮਿਆਨ ‘ਸਿਸਟਰ-ਸਿਟੀ’ ਦੇ ਸਬੰਧਾਂ ਦੀ ਮਜ਼ਬੂਤੀ ਲਈ ਕਰ ਰਹੇ ਕੰਮ
ਭਾਰਤ ਵਿੱਚ ਚੈੱਕ ਗਣਰਾਜ ਦੇ ਰਾਜਦੂਤ ਡਾ. ਐਲਿਸਕਾ ਜ਼ਿਗੋਵਾ ਨੇ ਰਾਜਪਾਲ ਨੂੰ ਦੱਸਿਆ ਕਿ ਹਾਲ ਹੀ ਵਿੱਟ ਚੈੱਕ ਗਣਰਾਜ ਦੇ ਪ੍ਰਧਾਨ ਮੰਤਰੀ ਪੇਟਰ ਫਿਆਲਾ ਅਤੇ ਵਿਦੇਸ਼ ਮੰਤਰੀ ਜਾਨ ਲਿਪਾਵਸਕੀ ਦੇ ਭਾਰਤ ਦੇ ਦੌਰਿਆਂ ਨੇ ਇਨੋਵੇਸ਼ਨ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਰਣਨੀਤਕ ਭਾਈਵਾਲੀ ਲਈ ਸਮਝੌਤਿਆਂ ਤੇ ਹਸਤਾਖ਼ਰ ਕੀਤੇ ਹਨ । ਉਨ੍ਹਾਂ ਅੱਗੇ ਕਿਹਾ ਕਿ ਉਹ ਪ੍ਰਾਗ ਅਤੇ ਚੰਡੀਗੜ੍ਹ ਦਰਮਿਆਨ ‘ਸਿਸਟਰ-ਸਿਟੀ’ ਦੇ ਸਬੰਧਾਂ ਦੀ ਮਜ਼ਬੂਤੀ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ।