ਤਾਮਿਲਨਾਡੂ ਬਸਪਾ ਪ੍ਰਦੇਸ਼ ਪ੍ਰਧਾਨ ਦਾ ਬੇਰਹਿਮੀ ਨਾਲ ਕਤਲ, ਬਾਈਕ ਸਵਾਰਾਂ ਨੇ ਚਾਕੂ ਤੇ ਤਲਵਾਰਾਂ ਨਾਲ ਕੀਤਾ ਹਮਲਾ
ਤਾਮਿਲਨਾਡੂ ਬਸਪਾ ਪ੍ਰਧਾਨ ਕੇ. ਆਰਮਸਟ੍ਰਾਂਗ ਦੀ ਬੀਤੇ ਸ਼ੁੱਕਰਵਾਰ ਸ਼ਾਮ ਨੂੰ ਚੇਨਈ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਛੇ ਹਮਲਾਵਰਾਂ ਨੇ ਹੱਤਿਆ ਕਰ ਦਿੱਤੀ । ਪੁਲਿਸ ਮੁਤਾਬਕ ਆਰਮਸਟਰਾਂਗ ਸ਼ਾਮ ਕਰੀਬ 7 ਵਜੇ ਸੇਮਬੀਅਮ ‘ਚ ਵੇਣੂਗੋਪਾਲ ਸਟਰੀਟ ‘ਤੇ ਘਰ ਦੇ ਸਾਹਮਣੇ ਪਾਰਟੀ ਦੇ ਕੁਝ ਵਰਕਰਾਂ ਨਾਲ ਸਨ। ਇਸ ਦੌਰਾਨ ਦੋ ਬਾਈਕ ‘ਤੇ 6 ਵਿਅਕਤੀ ਆਏ ਅਤੇ ਉਨ੍ਹਾਂ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਡਾਕਟਰਾਂ ਨੇ ਐਲਾਨਿਆ ਮ੍ਰਿਤਕ
ਦੱਸ ਦਈਏ ਆਰਮਸਟ੍ਰਾਂਗ ਦੇ ਡਿੱਗਣ ਤੋਂ ਬਾਅਦ ਹਮਲਾਵਰ ਭੱਜ ਗਏ। ਇਸ ਤੋਂ ਬਾਅਦ ਉਸ ਦੇ ਨਾਲ ਮੌਜੂਦ ਵਰਕਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਅਬੋਹਰ ਜਨਤਾ ਸਵੀਟ ਹਾਊਸ ਦੇ ਢੋਕਲਾ ‘ਚੋਂ ਮਿਲਿਆ ਕਾਕਰੋਚ, ਵਾਪਸ ਕਰਨ ਆਏ ਗਾਹਕ ਨਾਲ ਬਹਿਸ
ਘਟਨਾ ਤੋਂ ਬਾਅਦ ਬਸਪਾ ਵਰਕਰਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਲਈ ਦਸ ਟੀਮਾਂ ਦਾ ਗਠਨ ਕਰ ਦਿੱਤਾ ਹੈ। ਰਾਤ ਕਰੀਬ 12 ਵਜੇ 8 ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ। ਪੁਲਿਸ ਨੇ ਕਿਹਾ ਕਿ ਇਨ੍ਹਾਂ ਸ਼ੱਕੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਕਤਲ ਦੇ ਪਿੱਛੇ ਦੇ ਮਕਸਦ ਦਾ ਪਤਾ ਲੱਗ ਸਕੇਗਾ।
ਮੁਲਜ਼ਮਾਂ ਨੇ ਪਾਈਆਂ ਸਨ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਦੀਆਂ ਟੀ-ਸ਼ਰਟਾਂ
ਮੀਡੀਆ ਰਿਪੋਰਟਾਂ ਅਤੇ ਚੇਨਈ ਪੁਲਿਸ ਦੇ ਸੂਤਰਾਂ ਅਨੁਸਾਰ ਛੇ ਵਿੱਚੋਂ ਚਾਰ ਲੋਕਾਂ ਨੇ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਦੀ ਟੀ-ਸ਼ਰਟਾਂ ਪਾਈਆਂ ਹੋਈਆਂ ਸਨ। ਮੁਲਜ਼ਮਾਂ ਦੀ ਭਾਲ ਲਈ ਪੁਲਿਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਹੱਤਿਆ ਦੇ ਪਿੱਛੇ ਦੋਸ਼ੀ ਦੇ ਮਕਸਦ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।