ਪੰਜਾਬ ਕਾਂਗਰਸ ‘ਚ ਚੱਲ ਰਹੇ ਕਲੇਸ਼ ਦੌਰਾਨ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਿੱਧੂ ਵੱਲੋਂ ਟਵਿੱਟਰ ‘ਤੇ ਸੂਬਾ ਸਰਕਾਰ ਖਿਲਾਫ ਵਾਰ-ਵਾਰ ਦਿੱਤੇ ਗਏ ਬਿਆਨਾਂ ਵਿਚਕਾਰ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਵਿੰਨ੍ਹਿਆ ਹੈ।
ਮਨੀਸ਼ ਤਿਵਾੜੀ ਨੇ ਕਿਹਾ, “ਸੂਬੇ ਵਿੱਚ ਕੋਈ ਸਮੱਸਿਆ ਨਹੀਂ ਹੈ, ਕੇਂਦਰ ਸਰਕਾਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਹੋਣ ਕਾਰਨ ਕੁੱਝ ਮਸਲੇ ਹਨ। ਜੇਕਰ ਕੋਈ ਟਵਿੱਟਰ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਆਪਣਾ ਨਿੱਜੀ ਏਜੰਡਾ ਲੈਣਾ ਚਾਹੁੰਦਾ ਹੈ ਤਾਂ ਕਾਂਗਰਸ ਹਾਈਕਮਾਨ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਰਾਜ ਵਿਚ ਬਿਜਲੀ ਦੇ ਮੁੱਦੇ ‘ਤੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਤੇ ਲਗਾਤਾਰ ਹਮਲੇ ਕਰ ਰਹੇ ਹਨ। ਇਸ ਸੰਬੰਧੀ ਤਿਵਾੜੀ ਨੇ ਕੈਪਟਨ ਦੀ ਹਮਾਇਤ ਕਰਦਿਆਂ ਕਿਹਾ ਕਿ 1966 ਤੋਂ ਜਦੋਂ ਪੰਜਾਬ ਇੱਕ ਰਾਜ ਵਜੋਂ ਹੋਂਦ ਵਿੱਚ ਆਇਆ ਅਤੇ 2017 ਤੱਕ ਕਿਸੇ ਵੀ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਦੀਆਂ 117 ਵਿਚੋਂ 77 ਵਿਧਾਨ ਸਭਾ ਸੀਟਾਂ ਨਹੀਂ ਮਿਲੀਆਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੀਆਂ 3 ਵਿਧਾਨ ਸਭਾ ਜ਼ਿਮਨੀ ਚੋਣਾਂ ਵਿਚ 13 ਸੀਟਾਂ ਵਿਚੋਂ 8 ਲੋਕ ਸਭਾ ਸੀਟਾਂ ਜਿੱਤੀਆਂ ਹਨ। ਕਾਂਗਰਸ ਨੇ 90 ਪ੍ਰਤੀਸ਼ਤ ਤੋਂ ਵੱਧ ਸਥਾਨਕ ਸੰਸਥਾਵਾਂ ਵਿੱਚ ਵੀ ਜਿੱਤ ਹਾਸਲ ਕੀਤੀ ਹੈ। ਜੇ ਤੁਸੀਂ ਕਿਸੇ ਐਮਪੀ ਨੂੰ ਪੁੱਛਦੇ ਹੋ ਜਿਸਨੂੰ ਉਨ੍ਹਾਂ ਨੇ ਆਪਣੀ ਮੁਹਿੰਮ ਲਈ ਬੁਲਾਇਆ ਸੀ, ਤਾਂ ਉਹ ਕਹਿਣਗੇ ਕਿ ਕੈਪਟਨ। ਪੰਜਾਬ ਸਰਕਾਰ ਵਧੀਆ ਕਾਰਗੁਜ਼ਾਰੀ ਕਰ ਰਹੀ ਹੈ ਪਰ ਕੁਝ ਲੋਕਾਂ ਦਾ ਆਪਣਾ ਹੀ ਏਜੰਡਾ ਹੈ।
ਪੰਜਾਬ ਕਾਂਗਰਸ ਵਿੱਚ ਲੰਮੇ ਸਮੇਂ ਤੋਂ ਘਮਾਸਾਨ ਚੱਲ ਰਿਹਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਇਸ ਦਾ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਦੱਸਦੇ ਹਨ। ਪਰ ਕਾਂਗਰਸ ਹਾਈਕਮਾਨ ਵੀ ਇਸ ਮੁੱਦੇ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।