ਮਥੁਰਾ ‘ਚ ਡਿੱਗੀ ਪਾਣੀ ਦੀ ਟੈਂਕੀ , 2 ਲੋਕਾਂ ਦੀ ਹੋਈ ਮੌਤ, ਕਈ ਜ਼ਖਮੀ
ਐਤਵਾਰ ਸ਼ਾਮ ਮਥੁਰਾ ਦੀ ਇੱਕ ਰਿਹਾਇਸ਼ੀ ਕਲੋਨੀ ਵਿੱਚ ਪਾਣੀ ਦੀ ਟੈਂਕੀ ਅਚਾਨਕ ਡਿੱਗ ਗਈ। ਜਿਸ ਕਾਰਨ ਇਸ ਹਾਦਸੇ ਵਿੱਚ ਕਈ ਘਰ ਟੈਂਕੀ ਦੇ ਮਲਬੇ ਦੀ ਲਪੇਟ ਵਿੱਚ ਆ ਗਏ ਅਤੇ 2 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਇਸ ਘਟਨਾ ਵਿਚ ਘੱਟੋ-ਘੱਟ 6 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ। ਜਿਸ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਿਸ ਅਤੇ ਰੈਸਕਿਊ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕੀਤਾ।
ਹਾਦਸਾ ਵਾਪਰਨ ਸਮੇਂ ਹੋ ਰਹੀ ਸੀ ਹਲਕੀ ਬਾਰਿਸ਼
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੀਐਸਏ ਡਿਗਰੀ ਕਾਲਜ ਦੇ ਪਿੱਛੇ ਉੱਤਰ ਪ੍ਰਦੇਸ਼ ਹਾਊਸਿੰਗ ਡਿਵੈਲਪਮੈਂਟ ਕੌਂਸਲ ਦੁਆਰਾ ਵਿਕਸਤ ਕੀਤੀ ਗਈ ਕਲੋਨੀ ਕ੍ਰਿਸ਼ਨਾ ਵਿਹਾਰ ਵਿੱਚ ਸ਼ਾਮ ਕਰੀਬ 6 ਵਜੇ ਵਾਪਰੀ। ਜਦੋਂ ਇਹ ਹਾਦਸਾ ਵਾਪਰਿਆ ਤਾਂ ਹਲਕੀ ਬਾਰਿਸ਼ ਹੋ ਰਹੀ ਸੀ। ਉਨ੍ਹਾਂ ਦੱਸਿਆ ਨੇੜਲੇ ਕਈ ਘਰ ਵੀ ਟੈਂਕੀ ਦੇ ਮਲਬੇ ਦੀ ਲਪੇਟ ਵਿੱਚ ਆ ਗਏ। ਜਿਸ ਕਾਰਨ ਉਥੇ ਰਹਿੰਦੇ ਵਸਨੀਕ ਅਤੇ ਗਲੀ ਵਿੱਚ ਖੇਡ ਰਹੇ ਕੁਝ ਬੱਚੇ ਵੀ ਟੈਂਕੀ ਅਤੇ ਮਕਾਨਾਂ ਦੇ ਮਲਬੇ ਹੇਠਾਂ ਦਬ ਗਏ। ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਕਾਰਜ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਹੁਣ ਤੱਕ ਜ਼ਖਮੀਆਂ ਨੂੰ ਮਲਬੇ ‘ਚੋਂ ਬਾਹਰ ਕੱਢ ਲਿਆ ਹੈ, ਜਿਨ੍ਹਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਛੁੱਟੀਆਂ ਮਨਾਉਣ ਗਏ ਪਰਿਵਾਰ ਨਾਲ ਵਾਪਰਿਆ ਭਾਣਾ, ਝਰਨੇ ‘ਚ ਰੁੜ੍ਹੇ ਮਹਿਲਾ ਤੇ 4 ਬੱਚੇ
ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖ਼ਲ
ਜ਼ਿਲ੍ਹਾ ਮੈਜਿਸਟਰੇਟ ਸ਼ੈਲੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਾਇਰਮੈਨ ਅਤੇ ਪੁਲਿਸ ਤੋਂ ਇਲਾਵਾ ਮਾਲ, ਨਗਰ ਨਿਗਮ, ਸਿਹਤ ਵਿਭਾਗ ਆਦਿ ਦੀਆਂ ਟੀਮਾਂ ਮੁਸਤੈਦੀ ਨਾਲ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਮਾਲ ਵਿਭਾਗ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ ਅਤੇ ਰਹਿਣ ਦੀ ਸਹੂਲਤ ਪ੍ਰਦਾਨ ਕਰਨ ਲਈ ਕੰਮ ਕਰ ਰਿਹਾ ਹੈ।