ਆਸਟ੍ਰੇਲੀਆ ਜਾਣ ਲਈ ਕਰਾਇਆ ਸੀ ਫਰਜ਼ੀ ਵਿਆਹ , ਏਜੰਟ ਨੇ ਠੱਗੇ ਲਏ ਸਾਢੇ 16 ਲੱਖ ਰੁਪਏ
ਚੰਡੀਗੜ੍ਹ ਪੁਲਿਸ ਨੇ ਇੱਕ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਜਿੱਥੇ ਕਿ ਆਸਟ੍ਰੇਲੀਆ ਜਾਣ ਲਈ ਇੱਕ ਜੋੜੇ ਨੇ ਕੰਟਰੈਕਟ ਮੈਰਿਜ ਕਰਵਾਈ ਸੀ | ਜਿਸਦੇ ਚੱਲਦਿਆਂ ਪੁਲਿਸ ਨੇ ਦੋਵਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 420, 465, 467, 468, 471 ਅਤੇ 120ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਦੋਸ਼ੀਆਂ ਵਿੱਚ ਰਜਨੀ ਅਤੇ ਬਲਕਾਰ ਢਿੱਲੋਂ ਸ਼ਾਮਲ ਹਨ। ਦਰਅਸਲ , ਪੁਲਿਸ ਨੂੰ ਜੋੜੇ ਦੇ ਪਾਸਪੋਰਟ ਨੰਬਰ ਅਤੇ ਏਜੰਟ ਬਾਰੇ ਜਾਣਕਾਰੀ ਮਿਲੀ ਹੈ।
ਬੈਂਕਾਕ ਰਾਹੀਂ ਆਸਟ੍ਰੇਲੀਆ ਲਈ ਮੰਗੀ ਸੀ ਇਮੀਗ੍ਰੇਸ਼ਨ ਕਲੀਅਰੈਂਸ
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲਿਸ ਨੂੰ ਭਾਰਤ ਸਰਕਾਰ ਦੇ ਅੰਡਰ ਸੈਕਟਰੀ ਵੱਲੋਂ ਸ਼ਿਕਾਇਤ ਮਿਲੀ ਸੀ। ਦੱਸਿਆ ਗਿਆ ਕਿ ਰਜਨੀ (36) ਅਤੇ ਬਲਕਾਰ ਸਿੰਘ ਢਿੱਲੋਂ (34) ਨੇ ਦਿੱਲੀ ਹਵਾਈ ਅੱਡੇ ‘ਤੇ ਬੈਂਕਾਕ ਰਾਹੀਂ ਆਸਟ੍ਰੇਲੀਆ ਲਈ ਇਮੀਗ੍ਰੇਸ਼ਨ ਕਲੀਅਰੈਂਸ ਮੰਗੀ ਸੀ। ਪੁੱਛਗਿੱਛ ਦੌਰਾਨ ਰਜਨੀ ਨੇ ਦੱਸਿਆ ਕਿ ਬਲਕਾਰ ਉਸ ਦਾ ਪਤੀ ਸੀ, ਜੋ ਸਪਾਊਸ ਵੀਜ਼ੇ ‘ਤੇ ਯਾਤਰਾ ਕਰ ਰਿਹਾ ਸੀ। ਬਲਕਾਰ ਪੰਜਾਬ ਦਾ ਰਹਿਣ ਵਾਲਾ ਹੈ।
ਵੀਜ਼ਾ ਲਗਵਾਉਣ ਲਈ ਏਜੰਟ ਨੇ 16.50 ਲੱਖ ਰੁਪਏ ਲਏ
ਜੋੜੇ ਨੇ ਕਿਹਾ ਕਿ ਉਨ੍ਹਾਂ ਦਾ ਵੀਜ਼ਾ ਯਾਤਰਾ ਅਤੇ ਹੋਰ ਸਾਰੀਆਂ ਰਸਮਾਂ ਦਾ ਪ੍ਰਬੰਧ ਇਕ ਏਜੰਟ ਦੁਆਰਾ ਕੀਤਾ ਗਿਆ ਸੀ, ਜੋ ਚੰਡੀਗੜ੍ਹ ਦਾ ਰਹਿਣ ਵਾਲਾ ਹੈ। ਏਜੰਟ ਨੇ ਪਤੀ-ਪਤਨੀ ਦਾ ਕੋਰਟ ਮੈਰਿਜ ਸਰਟੀਫਿਕੇਟ ਦਿਵਾਉਣ ਵਿਚ ਮਦਦ ਕੀਤੀ ਅਤੇ ਪਤੀ-ਪਤਨੀ ਦਾ ਵੀਜ਼ਾ ਲਗਵਾਉਣ ਲਈ ਉਨ੍ਹਾਂ ਤੋਂ 16.50 ਲੱਖ ਰੁਪਏ ਲਏ।
ਸ਼ਿਕਾਇਤ ਮੁਤਾਬਕ ਏਜੰਟ ਨੇ ਜੋੜੇ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਵਿਆਹ ਕਾਗਜ਼ਾਂ ‘ਤੇ ਕਾਨੂੰਨੀ ਤੌਰ ‘ਤੇ ਜਾਇਜ਼ ਹੋਵੇਗਾ, ਜਿਸ ਨਾਲ ਉਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਸੈਟਲ ਹੋਣ ਲਈ ਪਤੀ-ਪਤਨੀ ਦਾ ਵੀਜ਼ਾ ਮਿਲ ਸਕਦਾ ਹੈ ਅਤੇ ਉੱਥੇ ਵਸਣ ਤੋਂ ਬਾਅਦ ਤਲਾਕ ਲਈ ਦਾਇਰ ਕਰ ਸਕਦਾ ਹੈ।
ਇਹ ਵੀ ਪੜ੍ਹੋ : ਦਿਵਿਆਂਗ ਪੰਜਾਬੀ ਨੂੰ ਰੂਸੀ ਫੌਜ ‘ਚ ਜ਼ਬਰਦਸਤੀ ਕੀਤਾ ਗਿਆ ਭਰਤੀ , ਸੰਤ ਸੀਚੇਵਾਲ ਨੂੰ ਮਿਲਿਆ ਪਰਿਵਾਰ
ਛੇ ਮਹੀਨੇ ਪਹਿਲਾਂ ਅਜਿਹੇ ਗਿਰੋਹ ਦਾ ਕੀਤਾ ਸੀ ਪਰਦਾਫਾਸ਼
ਦੱਸ ਦਈਏ ਕਿ ਇਸ ਤੋਂ ਪਹਿਲਾ ਵੀ ਅਜਿਹੇ ਕਈ ਮਾਮਲੇ ਦੇਖੇ ਗਏ ਹਨ ਜਿਸ ਤੋਂ ਬਾਅਦ ਪੁਲਿਸ ਅਜਿਹੇ ਲੋਕਾਂ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਧਿਆਨਯੋਗ ਹੈ ਕਿ ਆਸਟ੍ਰੇਲੀਅਨ ਬਾਰਡਰ ਫੋਰਸ (ਏਬੀਐਫ) ਨੇ ਛੇ ਮਹੀਨੇ ਪਹਿਲਾਂ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ ਜੋ ਜਾਅਲੀ ਵਿਆਹ ਕਰਵਾ ਕੇ ਪ੍ਰਵਾਸੀਆਂ ਨੂੰ ਨਾਗਰਿਕਤਾ ਪ੍ਰਦਾਨ ਕਰ ਰਿਹਾ ਸੀ। ਇਸ ਦੌਰਾਨ 164 ਪੰਜਾਬੀਆਂ ਦੀਆਂ ਪਾਰਟਨਰ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ।