ਵਿਜੀਲੈਂਸ ਬਿਓਰੋ ਨੇ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕੀਤਾ ਗ੍ਰਿਫਤਾਰ
ਵਿਜੀਲੈਂਸ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਚੱਲ ਰਹੀ ਮੁਹਿੰਮ ਦੌਰਾਨ ਰਿਸ਼ਵਤ ਲੈਣ ਦੇ ਦੋਸ਼ ਵਿਚ ਇਕ ਪਟਵਾਰੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਮਾਲੀਆ ਹਲਕਾ ਦਾਤੇਵਾਸ, ਤਹਿਸੀਲ ਬੁਢਲਾਡਾ ਵਿਚ ਤਾਇਨਾਤ ਇਕ ਮਾਲੀਆ ਪਟਵਾਰੀ ਜੋਗਿੰਦਰ ਸਿੰਘ ਨੂੰ 5500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪਟਵਾਰੀ ਨੂੰ ਮਾਨਸਾ ਦੇ ਪਿੰਡ ਰੰਘੜਿਆਲ ਵਾਸੀ ਗੁਰਚੰਦ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਨਾਲ ਸੰਪਰਕ ਕੀਤਾ ਤੇ ਆਪਣਾ ਬਿਆਨ ਦਰਜ ਕਰਾਇਆ ਹੈ ਕਿ ਉਕਤ ਪਟਵਾਰੀ ਨੇ ਸਾਂਝੀ ਜ਼ਮੀਨ ਦੀ ਵੰਡ ਲਈ ਹੋਰਨਾਂ ਹਿੱਸੇਦਾਰਾਂ ਤੋਂ ਰਿਸ਼ਵਤ ਵਜੋਂ 12 ਹਜ਼ਾਰ ਰੁਪਏ ਲਏ ਹਨ। ਹੁਣ ਮੁਲਜ਼ਮ ਪਟਵਾਰੀ ਨੇ ਇਸ ਜ਼ਮੀਨ ਦੇ ਇੰਤਕਾਲ ਦੇ ਬਦਲੇ 10,000 ਰੁਪਏ ਦੀ ਮੰਗ ਕੀਤੀ ਹੈ ਪਰ 6000 ਰੁਪਏ ਵਿਚ ਗੱਲ ਤੈਅ ਹੋਈ। 1000 ਰੁਪਏ ਉਹ ਪਹਿਲਾਂ ਲੈ ਚੁੱਕਾ ਹੈ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਸ਼ੁਰੂਆਤੀ ਜਾਂਚ ਦੇ ਬਾਅਦ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾਇਆ ਤੇ ਮੁਲਜ਼ਮ ਨੂੰ 2 ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਸ਼ਿਕਾਇਤਕਰਤਾ ਤੋਂ 5500 ਰੁਪਏ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ।
ਇਹ ਵੀ ਪੜ੍ਹੋ : ਯੋਗਾ ਵੀਡੀਓ ਮਗਰੋਂ ਸ਼੍ਰੋਮਣੀ ਕਮੇਟੀ ਦਾ ਐਕਸ਼ਨ, ਸ੍ਰੀ ਦਰਬਾਰ ਸਾਹਿਬ ਆਉਣ ਵਾਲਿਆਂ ਲਈ ਨਿਯਮ ਜਾਰੀ || Latest News
ਇਸ ਸਬੰਧੀ ਵਿਜੀਲੈਂਸ ਦੀ ਬਠਿੰਡਾ ਰੇਂਜ ਵਿਚ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਅਧਿਨਿਯਮ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਕੱਲ੍ਹ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਅੱਗੇ ਦੀ ਪੁੱਛਗਿਛ ਜਾਰੀ ਹੈ।









