ਹਿਮਾਚਲ ਦੇ ਸੇਬ ਉਤਪਾਦਕਾਂ ਲਈ ਵੱਡੀ ਖੁਸ਼ਖਬਰੀ , GST ਕੌਂਸਲ ਨੇ ਸੇਬ ਦੇ ਡੱਬੇ ‘ਤੇ ਛੇ ਫੀਸਦੀ ਘਟਾਇਆ ਟੈਕਸ
ਹਿਮਾਚਲ ਪ੍ਰਦੇਸ਼ ਦੇ ਸੇਬ ਉਤਪਾਦਕਾਂ ਵੱਡੀ ਰਾਹਤ ਦੀ ਖ਼ਬਰ ਹੈ | ਉਹਨਾਂ ਦੀ ਲੰਬੇ ਸਮੇਂ ਦੀ ਮੰਗ ਪੂਰੀ ਹੋ ਗਈ ਹੈ | GST ਕੌਂਸਲ ਨੇ ਡੱਬਿਆਂ ’ਤੇ GST ਛੇ ਫ਼ੀਸਦੀ ਘਟਾ ਦਿੱਤਾ ਹੈ। ਹੁਣ ਇਹ GST 18 ਫੀਸਦੀ ਤੋਂ ਘਟ ਕੇ 12 ਫੀਸਦੀ ਹੋ ਗਿਆ ਹੈ। ਜਲਦੀ ਹੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।
ਦਰਅਸਲ , ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਵਿੱਚ ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ GST ਕੌਂਸਲ ਦੀ 53ਵੀਂ ਮੀਟਿੰਗ ਵਿੱਚ ਹਿੱਸਾ ਲੈਣ ਲਈ ਦਿੱਲੀ ਪਹੁੰਚੇ ਸਨ | ਹਿਮਾਚਲ ਪ੍ਰਦੇਸ਼ ਸਰਕਾਰ ਇਸ ਤੋਂ ਪਹਿਲਾਂ ਵੀ ਲਗਾਤਾਰ ਕੇਂਦਰ ਸਰਕਾਰ ਕੋਲ ਇਹ ਮੁੱਦਾ ਉਠਾਉਂਦੀ ਰਹੀ ਹੈ। GST ‘ਚ ਕਟੌਤੀ ਦਾ ਨੋਟੀਫਿਕੇਸ਼ਨ ਜਲਦ ਜਾਰੀ ਹੋਣ ਦੀ ਸੰਭਾਵਨਾ ਹੈ। GST ਦਰ ਵਿੱਚ ਕਟੌਤੀ ਤੋਂ ਬਾਅਦ ਸੇਬ ਉਤਪਾਦਕਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। ਇਸ ਦੀਆਂ ਕੀਮਤਾਂ ਵਿੱਚ ਕਟੌਤੀ ਨਾਲ ਲਾਗਤ ਘਟੇਗੀ ਅਤੇ ਮੁਨਾਫਾ ਵਧੇਗਾ।
ਇਹ ਵੀ ਪੜ੍ਹੋ : NEET ਪੇਪਰ ਲੀਕ ਮਾਮਲੇ ‘ਚ ਵੱਡਾ ਐਕਸ਼ਨ, NTA ਦੇ ਡਾਇਰੈਕਟਰ ਜਨਰਲ ਸੁਬੋਧ ਸਿੰਘ ਨੂੰ ਅਹੁਦੇ ਤੋਂ ਹਟਾਇਆ
ਸੂਬੇ ਦੇ ਸੇਬ ਉਤਪਾਦਕਾਂ ਨੂੰ ਮਿਲੇਗਾ ਸਿੱਧਾ ਲਾਭ
ਹਿਮਾਚਲ ਪ੍ਰਦੇਸ਼ ਦੇ ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ ਨੇ ਕਿਹਾ ਕਿ ਸਾਰੇ ਤਰ੍ਹਾਂ ਦੇ ਡੱਬਿਆਂ ‘ਤੇ ਜੀਐਸਟੀ ਘਟਾ ਦਿੱਤਾ ਗਿਆ ਹੈ । ਇਸ ਦਾ ਸਿੱਧਾ ਲਾਭ ਸੂਬੇ ਦੇ ਸੇਬ ਉਤਪਾਦਕਾਂ ਨੂੰ ਮਿਲੇਗਾ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿੱਚ ਵੀ ਵੱਡੀ ਗਿਣਤੀ ਵਿੱਚ ਉਦਯੋਗ ਹਨ। ਉਨ੍ਹਾਂ ਨੂੰ ਵੀ ਡੱਬਿਆਂ ‘ਤੇ GST ‘ਚ ਕਟੌਤੀ ਦਾ ਫਾਇਦਾ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਕੇਂਦਰ ਸਰਕਾਰ ਅੱਗੇ ਇਹ ਮੰਗ ਉਠਾਉਂਦੀ ਆ ਰਹੀ ਹੈ। ਹੁਣ ਇਹ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਇਸ ਲਈ GST ਕੌਂਸਲ ਦਾ ਵੀ ਧੰਨਵਾਦ ਕੀਤਾ। ਸ਼ਿਮਲਾ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਸੁਰੇਸ਼ ਕਸ਼ਯਪ ਨੇ ਡੱਬਿਆਂ ‘ਤੇ ਜੀਐੱਸਟੀ ਘਟਾਉਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ।