ਹਰਿਆਣਾ ਦੇ ਸਾਬਕਾ CM ਚੌਟਾਲਾ ਦੀ ਪਾਰਟੀ ਨੂੰ ਇਲੈਕਸ਼ਨ ਕਮਿਸ਼ਨ ਨੇ ਦਿੱਤਾ ਆਖ਼ਰੀ ਮੌਕਾ , ਰੱਦ ਹੋ ਸਕਦੀ ਹੈ ਮਾਨਤਾ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (INLD) ਨੂੰ ਭਾਰਤੀ ਚੋਣ ਕਮਿਸ਼ਨ ਨੇ ਆਖਰੀ ਮੌਕਾ ਦਿੱਤਾ ਹੈ। ਜੇਕਰ ਪਾਰਟੀ ਨੂੰ 2024 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਿਸ਼ਚਿਤ ਵੋਟ ਪ੍ਰਤੀਸ਼ਤ ਨਹੀਂ ਮਿਲਦੀ ਤਾਂ ਪਾਰਟੀ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ। ਨਾਲ ਹੀ ਪਾਰਟੀ ਦਾ ਚੋਣ ਨਿਸ਼ਾਨ ਵੀ ਵਾਪਸ ਲੈ ਲਿਆ ਜਾਵੇਗਾ।
ਸਾਬਕਾ ਉਪ ਮੁੱਖ ਮੰਤਰੀ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇਤਾ ਦੁਸ਼ਯੰਤ ਚੌਟਾਲਾ ਨੇ ਵੀ ਕਿਹਾ ਹੈ ਕਿ ਇੰਡੀਅਨ ਨੈਸ਼ਨਲ ਲੋਕ ਦਲ ਦਾ ਚੋਣ ਨਿਸ਼ਾਨ ਖੋਹਿਆ ਜਾ ਸਕਦਾ ਹੈ।
ਕਿਉਂ ਖੋਇਆ ਜਾ ਸਕਦਾ ਹੈ ਪਾਰਟੀ ਦਾ ਦਰਜਾ ?
ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਜੇਕਰ ਕੋਈ ਵੀ ਪਾਰਟੀ ਲਗਾਤਾਰ ਦੋ ਚੋਣਾਂ (ਲੋਕ ਸਭਾ ਅਤੇ ਵਿਧਾਨ ਸਭਾ) ਵਿੱਚ ਨਿਰਧਾਰਿਤ ਗਿਣਤੀ ਵਿੱਚ ਵੋਟਾਂ ਹਾਸਲ ਨਹੀਂ ਕਰ ਪਾਉਂਦੀ ਤਾਂ ਉਹ ਆਪਣੀ ਰਾਜ ਪਾਰਟੀ ਦਾ ਦਰਜਾ ਗੁਆ ਬੈਠਦੀ ਹੈ। ਲੋਕ ਸਭਾ ਚੋਣਾਂ ਵਿੱਚ 6% ਵੋਟਾਂ ਅਤੇ ਇੱਕ ਸੀਟ ਜਾਂ 8% ਵੋਟਾਂ ਦੀ ਲੋੜ ਹੁੰਦੀ ਹੈ। ਵਿਧਾਨ ਸਭਾ ਵਿੱਚ 6% ਵੋਟਾਂ ਅਤੇ 2 ਸੀਟਾਂ ਹੋਣੀਆਂ ਚਾਹੀਦੀਆਂ ਹਨ। ਨਿਯਮਾਂ ਅਨੁਸਾਰ ਜੇਕਰ ਇਹ ਸਭ ਕੁਝ ਲਗਾਤਾਰ ਦੋ ਚੋਣਾਂ (2 ਹਾਰ ਅਤੇ 2 ਜਿੱਤ) ਵਿੱਚ ਨਾ ਕੀਤਾ ਗਿਆ ਤਾਂ ਪਾਰਟੀ ਦਾ ਚੋਣ ਨਿਸ਼ਾਨ ਵੀ ਖੋਹਿਆ ਜਾ ਸਕਦਾ ਹੈ।
ਹੁਣ ਤੱਕ ਪਾਰਟੀ ਦਾ ਪ੍ਰਦਰਸ਼ਨ
ਧਿਆਨਯੋਗ ਹੈ ਕਿ ਵੰਡ ਤੋਂ ਪਹਿਲਾਂ ਹਰਿਆਣਾ ਵਿੱਚ INLD ਦਾ ਵੋਟ ਪ੍ਰਤੀਸ਼ਤ ਚੰਗਾ ਸੀ। ਇਹ ਪਾਰਟੀ ਲੋਕ ਸਭਾ ਚੋਣਾਂ ਵਿੱਚ ਲਗਾਤਾਰ 15 ਤੋਂ 28 ਫੀਸਦੀ ਵੋਟਾਂ ਹਾਸਲ ਕਰਦੀ ਆ ਰਹੀ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਦੋ ਸੰਸਦ ਮੈਂਬਰ ਸਨ ਅਤੇ ਉਸ ਨੂੰ 24.4 ਫੀਸਦੀ ਵੋਟਾਂ ਮਿਲੀਆਂ ਸਨ। 2019 ‘ਚ ਫੁੱਟ ਤੋਂ ਬਾਅਦ ਪਾਰਟੀ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ ਅਤੇ ਉਸ ਨੂੰ ਸਿਰਫ 1.9 ਫੀਸਦੀ ਵੋਟਾਂ ਮਿਲੀਆਂ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਵੋਟ ਸ਼ੇਅਰ ਸਿਰਫ਼ 1.47% ਸੀ।
ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਨੇ ਬਣਾਈ ਸੀ ਪਾਰਟੀ
1987 ਵਿੱਚ ਸਾਬਕਾ ਉਪ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਨੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਨਾਂ ਨਾਲ ਇੱਕ ਖੇਤਰੀ ਪਾਰਟੀ ਬਣਾਈ ਸੀ, ਜਿਸ ਦੇ ਪ੍ਰਧਾਨ ਹੁਣ ਉਨ੍ਹਾਂ ਦੇ ਪੁੱਤਰ ਅਤੇ ਸਾਬਕਾ ਮੁੱਖ ਮੰਤਰੀ ਓਮਪ੍ਰਕਾਸ਼ ਚੌਟਾਲਾ ਹਨ। ਇਸ ਸਮੇਂ ਹਰਿਆਣਾ ਵਿੱਚ INLD ਅਤੇ ਜੇਜੇਪੀ ਦੋ ਹੀ ਖੇਤਰੀ ਪਾਰਟੀਆਂ ਹਨ । INLD , ਜਿਸ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ 2 ਸੀਟਾਂ ਹਿਸਾਰ ਅਤੇ ਸਿਰਸਾ ਜਿੱਤੀਆਂ ਸਨ, 2019 ਦੀਆਂ ਆਮ ਚੋਣਾਂ ਵਿੱਚ ਜ਼ਿਆਦਾਤਰ ਸੀਟਾਂ ‘ਤੇ ਜਮ੍ਹਾ ਰਾਸ਼ੀ ਨਹੀਂ ਬਚਾ ਸਕੀ ।