ਕਿਸਾਨਾਂ ਲਈ ਖੁਸ਼ਖਬਰੀ , PM ਮੋਦੀ ਨੇ ਅਹੁਦਾ ਸੰਭਾਲਦਿਆਂ ਹੀ ਪਹਿਲੀ ਫਾਈਲ ‘ਤੇ ਕੀਤੇ ਸਾਈਨ
ਨਰਿੰਦਰ ਮੋਦੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਹਨ | ਉਹਨਾਂ ਨੇ 9 ਜੂਨ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ | ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿਖੇ ਸਹੁੰ ਚੁਕਾਈ । ਜਿਸ ਤੋਂ ਬਾਅਦ 71 ਕੇਂਦਰੀ ਮੰਤਰੀਆਂ ਨੇ ਵੀ ਸਹੁੰ ਚੁੱਕੀ । ਸਹੁੰ ਚੁੱਕਣ ਦੇ ਨਾਲ ਹੀ ਕੇਂਦਰ ਵਿੱਚ NDA ਦੀ ਸਰਕਾਰ ਬਣ ਗਈ ਹੈ। ਸਹੁੰ ਚੁੱਕਣ ਤੋਂ ਬਾਅਦ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ PM ਦਫਤਰ ਪਹੁੰਚ ਕੇ ਅਹੁਦਾ ਸੰਭਾਲਿਆ। ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਸਾਨ ਸਨਮਾਨ ਨਿਧੀ ਦੀ ਫਾਈਲ ਸਾਈਨ ਕੀਤੀ। PMO ਪਹੁੰਚਣ ‘ਤੇ ਕਰਮਚਾਰੀਆਂ ਨੇ ਮੋਦੀ ਦਾ ਸਵਾਗਤ ਕੀਤਾ।
ਕਿਸਾਨ ਨਿਧੀ ਸਨਮਾਨ ਯੋਜਨਾ ਦੀ 17ਵੀਂ ਕਿਸ਼ਤ ਨੂੰ ਹਰੀ ਝੰਡੀ
PM ਮੋਦੀ ਨੇ ਸਭ ਤੋਂ ਪਹਿਲਾਂ ਪੀਐੱਮ ਕਿਸਾਨ ਨਿਧੀ ਸਨਮਾਨ ਯੋਜਨਾ ਦੀ 17ਵੀਂ ਕਿਸ਼ਤ ਨਾਲ ਜੁੜੀ ਫਾਈਲ ਨੂੰ ਹਰੀ ਝੰਡੀ ਦਿੱਤੀ। ਜਿਸਦੇ ਤਹਿਤ ਲਗਭਗ 20 ਹਜ਼ਾਰ ਕਰੋੜ ਰੁਪਏ ਵੰਡੇ ਜਾਣਗੇ। ਜਿਸ ਨਾਲ ਦੇਸ਼ ਦੇ 9.3 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨ ਕਲਿਆਣ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ। ਇਸਦੇ ਲਈ ਇਹ ਜ਼ਰੂਰੀ ਸੀ ਕਿ ਪਹਿਲੀ ਫਾਈਲ ਜਿਸ ‘ਤੇ ਸਾਈਨ ਕੀਤੇ ਜਾਣੇ ਹਨ, ਉਹ ਕਿਸਾਨਾਂ ਦੇ ਕਲਿਆਣ ਨਾਲ ਜੁੜੀ ਹੋਵੇ। ਅਸੀਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੇ ਲਈ ਅਤੇ ਖੇਤੀਬਾੜੀ ਸੈਕਟਰ ਦੇ ਲਈ ਵੱਧ ਤੋਂ ਵੱਧ ਕੰਮ ਕਰਨਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ :ਜਲੰਧਰ ‘ਚ ਜ਼ਿਮਨੀ ਚੋਣਾਂ ਦਾ ਹੋਇਆ ਐਲਾਨ, 10 ਜੁਲਾਈ ਨੂੰ ਪੈਣਗੀਆਂ ਵੋਟਾਂ
ਅੱਜ ਸ਼ਾਮ 5 ਵਜੇ ਨਵੀਂ ਬਣੀ NDA ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ
ਇਸੇ ਦੇ ਨਾਲ ਹੀ ਅੱਜ ਸ਼ਾਮ 5 ਵਜੇ ਨਵੀਂ ਬਣੀ NDA ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ | ਇਸ ਬੈਠਕ ਵਿੱਚ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗ ਵੰਡੇ ਜਾ ਸਕਦੇ ਹਨ। ਇਸ ਦੇ ਵਿਚਕਾਰ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਤੇ ਰਾਜਨਾਥ ਸਿੰਘ ਦੇ ਵਿਭਾਗ ਨਹੀਂ ਬਦਲੇ ਜਾਣਗੇ। ਇਸ ਤੋਂ ਇਲਾਵਾ ਅੱਜ ਦੀ ਇਸ ਮੀਟਿੰਗ ਵਿੱਚ ਵੱਡੇ ਫੈਸਲੇ ਹੋ ਸਕਦੇ ਹਨ | ਜਿਨ੍ਹਾਂ ਵਿੱਚ ਮੋਦੀ ਕੈਬਨਿਟ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਦੋ ਕਰੋੜ ਵਾਧੂ ਘਰਾਂ ਨੂੰ ਮਨਜ਼ੂਰੀ ਮਿਲ ਸਕਦੀ ਹੈ। ਉੱਥੇ ਹੀ ਇਸ ਯੋਜਨਾ ਵਿੱਚ ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ ਮਦਦ ਵਿੱਚ ਕਰੀਬ 50 ਫ਼ੀਸਦੀ ਦਾ ਵਾਧਾ ਕੀਤਾ ਜਾ ਸਕਦਾ ਹੈ।