ਅੰਮ੍ਰਿਤਸਰ : ਦੇਸ਼ ਵਿਦੇਸ਼ ਵਿਚ ਸਿੱਖਾਂ ਦੇ ਪ੍ਰਵਾਸ ਅਤੇ ਇਤਿਹਾਸ ਬਾਰੇ ਨਿੱਠ ਕੇ ਕੰਮ ਕਰਨ ਵਾਲੇ ਇੰਗਲੈਂਡ ਵਾਸੀ ਉੱਘੇ ਵਿਦਵਾਨ ਡਾ. ਦਰਸ਼ਨ ਸਿੰਘ ਤਾਤਲਾ (74) ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ. ਦਰਸ਼ਨ ਸਿੰਘ ਤਾਤਲਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਰਕੇ ਇੰਗਲੈਂਡ ਵਿਖੇ ਅਕਾਲ ਚਲਾਣਾ ਕਰ ਗਏ ਸਨ। ਬੀਬੀ ਜਗੀਰ ਕੌਰ ਨੇ ਡਾ. ਦਰਸ਼ਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਿੱਖ ਸਾਹਿਤ ਵਿਚ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਦੱਸਣਯੋਗ ਹੈ ਕਿ ਡਾ. ਦਰਸ਼ਨ ਸਿੰਘ ਤਾਤਲਾ ਨੇ ਡੇਢ ਦਰਜ਼ਨ ਤੋਂ ਵੱਧ ਕਿਤਾਬਾਂ ਲਿਖੀਆਂ ਅਤੇ ਕਈ ਪੁਸਤਕਾਂ ਦਾ ਸੰਪਾਦਨ ਕੀਤਾ। ਉਨ੍ਹਾਂ ਨੇ ਸਿੱਖਾਂ ਦੇ ਪ੍ਰਵਾਸ ਨੂੰ ਲੈ ਕੇ ਇਤਿਹਾਸਕ ਲਿਖਣ ਕਾਰਜ ਕੀਤਾ।
ਸ਼੍ਰੋਮਣੀ ਕਮੇਟੀ ਵੱਲੋਂ ਡਾ. ਤਾਤਲਾ ਨੂੰ ਪੰਥਕ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ (ਪਟਿਆਲਾ) ਵਿਖੇ ਸ਼ੁਰੂ ਕੀਤੇ ਜਾਣ ਵਾਲੇ ਸਿੱਖ ਆਰਕਾਈਵਜ਼ ਪ੍ਰਾਜੈਕਟ ਦੀ ਜ਼ੁੰਮੇਵਾਰੀ ਸੌਂਪੀ ਸੀ। ਇਸ ਪ੍ਰਾਜੈਕਟ ਲਈ ਤਜ਼ਰਬੇਕਾਰ ਅਤੇ ਮਾਹਿਰ ਵਿਦਵਾਨ ਵਜੋਂ ਡਾ. ਤਾਤਲਾ ਦੀਆਂ ਸੇਵਾਵਾਂ ਲੈ ਕੇ ਅੰਤਿਮ ਰੂਪ-ਰੇਖਾ ਤਿਆਰ ਕੀਤੀ ਜਾ ਚੁੱਕੀ ਸੀ ਅਤੇ ਜਲਦ ਹੀ ਇਸ ਬਾਰੇ ਕਾਰਜ ਸ਼ੁਰੂ ਕੀਤਾ ਜਾਣਾ ਸੀ। ਬੀਬੀ ਜਗੀਰ ਕੌਰ ਨੇ ਆਖਿਆ ਕਿ ਡਾ. ਦਰਸ਼ਨ ਸਿੰਘ ਤਾਤਲਾ ਦਾ ਅਚਾਨਕ ਅਕਾਲ ਚਲਾਣਾ ਸਿੱਖ ਸਮਾਜ ਲਈ ਇਕ ਵੱਡਾ ਘਾਟਾ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਥੇਦਾਰ ਟੌਹੜਾ ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ, ਸਿੱਖ ਆਰਕਾਈਵਜ਼ ਪ੍ਰਾਜੈਕਟ ਸਬੰਧੀ ਸਬ-ਕਮੇਟੀ ਦੇ ਮੈਂਬਰ ਡਾ. ਬਲਕਾਰ ਸਿੰਘ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਵੀ ਡਾ. ਤਾਤਲਾ ਦੇ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕੀਤਾ।









