ਜਾਣੋ ਫਰਾਂਸ ਨੇ TikTok ‘ਤੇ ਕਿਉਂ ਲਾਇਆ ਬੈਨ || Latest News
ਦੋ ਦਿਨ ਪਹਿਲਾਂ, ਫਰਾਂਸ ਦੀ ਸਰਕਾਰ ਨੇ ਨਿਊ ਕੈਲੇਡੋਨੀਆ ਵਿੱਚ ਘੱਟੋ-ਘੱਟ 12 ਦਿਨਾਂ ਲਈ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਸੀ। ਇਸੇ ਦੇ ਨਾਲ ਹੁਣ ਫਰਾਂਸ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ | ਦਰਅਸਲ , ਹਿੰਸਕ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਫਰਾਂਸ ਨੇ ਨਿਊ ਕੈਲੇਡੋਨੀਆ ਵਿੱਚ TikTok ‘ਤੇ ਬੈਨ ਲਗਾ ਦਿੱਤਾ ਹੈ | ਇਹ ਤਾਜ਼ਾ ਮਾਮਲਾ ਲੋਕਤੰਤਰੀ ਸਰਕਾਰਾਂ ਅਤੇ ਚੀਨ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਿਚਕਾਰ ਟਕਰਾਅ ਦਾ ਹੈ | ਇਸ ਕਦਮ ਪਿੱਛੇ ਫਰਾਂਸ ਸਰਕਾਰ ਦਾ ਉਦੇਸ਼ ਇਸ ਪ੍ਰਸ਼ਾਂਤ ਖੇਤਰ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਵਧੇਰੇ ਸ਼ਕਤੀਆਂ ਪ੍ਰਦਾਨ ਕਰਨਾ ਹੈ।
ਪਾਬੰਦੀ ਲਗਾਉਣ ਲਈ “ਐਮਰਜੈਂਸੀ” ਸ਼ਕਤੀਆਂ ਦੀ ਕੀਤੀ ਵਰਤੋਂ
ਧਿਆਨਯੋਗ ਹੈ ਕਿ ਫਰਾਂਸ ਨੇ TikTok ‘ਤੇ ਪਾਬੰਦੀ ਲਗਾਉਣ ਲਈ “ਐਮਰਜੈਂਸੀ” ਸ਼ਕਤੀਆਂ ਦੀ ਵਰਤੋਂ ਕੀਤੀ ਹੈ | ਦੱਸ ਦਈਏ ਕਿ ਨਿਊ ਕੈਲੇਡੋਨੀਆ ‘ਚ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ‘ਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ । ਅਲੋਚਕਾਂ ਨੇ ਲੰਮੇ ਸਮੇਂ ਤੋਂ TikTok ‘ਤੇ ਗਲਤ ਜਾਣਕਾਰੀ ਦੇਣ, ਸੰਵੇਦਨਸ਼ੀਲ ਡਾਟਾ ਇਕੱਠਾ ਕਰਨ, ਸਮਾਜਿਕ ਅਸ਼ਾਂਤੀ ਨੂੰ ਵਧਾਵਾ ਦੇਣ ਅਤੇ ਚੀਨ ਦੀ ਆਲੋਚਨਾ ਨੂੰ ਦਬਾਉਣ ਦਾ ਦੋਸ਼ ਲਗਾਇਆ ਹੈ । TikTok ‘ਤੇ ਖਾਸ ਤੌਰ ‘ਤੇ ਚੀਨ ਨਾਲ ਮਤਭੇਦਾਂ ਵਾਲੇ ਦੇਸ਼ਾਂ ਵਿਚ ਗੇਮ ਖੇਡਣ ਦਾ ਦੋਸ਼ ਹੈ।
ਅਮਰੀਕਾ ਵੀ TikTok ‘ਤੇ ਪਾਬੰਦੀ ਲਗਾਉਣ ‘ਤੇ ਕਰ ਰਿਹਾ ਵਿਚਾਰ
ਅਮਰੀਕਾ ਵੀ TikTok ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਸੁਰੱਖਿਆ ਕਾਰਨਾਂ ਕਰਕੇ ਕਈ ਯੂਰਪੀਅਨ ਦੇਸ਼ਾਂ ਨੇ ਆਪਣੇ ਅਧਿਕਾਰੀਆਂ ਨੂੰ ਐਪ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਹੈ। ਅਮਰੀਕੀ ਸੰਸਦ ਦੇ ਉਪਰਲੇ ਸਦਨ ਸੀਨੇਟ ਨੇ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਕਾਰਨ ਅਮਰੀਕਾ ਵਿੱਚ ਟਿਕਟੋਕ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਜਲਦੀ ਹੀ ਇਹ ਬਿੱਲ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਭੇਜਿਆ ਜਾਵੇਗਾ, ਜਿਨ੍ਹਾਂ ਨੇ ਆਪਣੇ ਡੈਸਕ ‘ਤੇ ਪਹੁੰਚਦੇ ਹੀ ਇਸ ‘ਤੇ ਦਸਤਖਤ ਕਰਨ ਦਾ ਸੰਕਲਪ ਲਿਆ ਹੈ।
ਇਸ ਸਭ ਦੇ ਚੱਲਦਿਆਂ ਹੀ ਫਰਾਂਸ ਸਰਕਾਰ ਨੇ ਇਹ ਕਦਮ ਚੁੱਕਿਆ ਹੈ | ਫ੍ਰੈਂਚ ਸਰਕਾਰ ਦਾ ਮੰਨਣਾ ਹੈ ਕਿ ਐਪ ਦੀ ਵਰਤੋਂ ਫਰਾਂਸੀਸੀ ਸ਼ਾਸਨ ਦਾ ਵਿਰੋਧ ਕਰਨ ਵਾਲੇ ਲੋਕਾਂ ਵੱਲੋਂ ਸੰਚਾਰ ਕਰਨ ਅਤੇ ਹਿੰਸਕ ਪ੍ਰਦਰਸ਼ਨਾਂ ਨੂੰ ਆਯੋਜਿਤ ਕਰਨ ਲਈ ਕੀਤੀ ਜਾ ਰਹੀ ਸੀ।
ਹੁਣ ਤੱਕ 130 ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ
ਪੈਰਿਸ ਵਿੱਚ ਸਾਇੰਸਜ਼-ਪੋ ਯੂਨੀਵਰਸਿਟੀ ਦੇ ਇੱਕ ਕਾਨੂੰਨੀ ਮਾਹਰ, ਨਿਕੋਲਸ ਹਾਰਵੀਯੂ ਨੇ ਕਿਹਾ ਕਿ ਇਹ ਫੈਸਲਾ “ਬਿਨਾਂ ਕਿਸੇ ਉਚਿਤ ਪ੍ਰਕਿਰਿਆ ਦੇ ਲਿਆ ਗਿਆ” ਅਤੇ ਕਾਨੂੰਨੀ ਜਾਂਚ ਦਾ ਸਾਹਮਣਾ ਨਹੀਂ ਕਰ ਸਕਦਾ। ਆਗਸਟੇ ਡੇਬੂਜ਼ੀ ਫਰਮ ਦੀ ਮੀਡੀਆ ਵਕੀਲ ਐਮਿਲੀ ਟ੍ਰਿਪੇਟ ਮੁਤਾਬਕ ਇਹ ਫੈਸਲਾ 1955 ਦੇ ਨਿਯਮਾਂ ਦੇ ਤਹਿਤ ਲਿਆ ਗਿਆ ਸੀ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਨੂੰ ਨਿਯੰਤਰਿਤ ਕਰਦੇ ਹਨ।
ਫਰਾਂਸੀਸੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸੋਮਵਾਰ ਤੋਂ ਹੁਣ ਤੱਕ 130 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਨਿਊ ਕੈਲੇਡੋਨੀਆ ਵਿੱਚ ਸੋਮਵਾਰ ਨੂੰ ਫਰਾਂਸ ਵੱਲੋਂ ਵੋਟਰ ਸੂਚੀ ਦਾ ਵਿਸਥਾਰ ਕਰਨ ਦੀਆਂ ਕੋਸ਼ਿਸ਼ਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਕਰਫਿਊ ਅਤੇ ਰਾਜਧਾਨੀ ਨੌਮੀਆ ਦੇ ਆਲੇ-ਦੁਆਲੇ ਇਕੱਠੇ ਹੋਣ ‘ਤੇ ਪਾਬੰਦੀ ਦੇ ਬਾਵਜੂਦ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਹੋਈਆਂ ਹਨ।