ਦੋਸਤਾਂ ਨਾਲ ਸ਼ਰਾਬ ਪੀਣ ਗਏ ਨੌਜਵਾਨ ਦੀ ਖੇਤਾਂ ‘ਚੋਂ ਮਿਲੀ ਲਾਸ਼ || News of Punjab
ਅਬੋਹਰ ਦੇ ਪਿੰਡ ਤੂਤਵਾਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਦੋਸਤਾਂ ਨਾਲ ਸ਼ਰਾਬ ਪੀਣ ਗਏ ਨੌਜਵਾਨ ਦੀ ਖੇਤਾਂ ‘ਚੋਂ ਦੇਹ ਮਿਲੀ ਹੈ | ਬੀਤੀ ਰਾਤ ਇਕ ਨੌਜਵਾਨ ਦੋਸਤਾਂ ਨਾਲ ਸ਼ਰਾਬ ਪੀਣ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਦੇਹ ਖੇਤਾਂ ਵਿਚ ਪਈ ਮਿਲੀ ਜਦਕਿ ਉਸਦੇ ਦੋਸਤ ਉਥੋਂ ਗਾਇਬ ਸਨ | ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਦੋਸਤ ‘ਤੇ ਉਸ ਨੂੰ ਜ਼ਹਿਰ ਦੇ ਕੇ ਕਤਲ ਕਰਨ ਦੇ ਇਲਜ਼ਾਮ ਲਗਾਏ ਹਨ ਕਿਉਂਕਿ ਖੇਤ ਵਿਚ ਉਨ੍ਹਾਂ ਨੂੰ ਇਕ ਸਪਰੇਅ ਦੀ ਬੋਤਲ ਵੀ ਖੁੱਲ੍ਹੀ ਪਈ ਮਿਲੀ ਹੈ। ਮ੍ਰਿਤਕ ਦੀ ਦੇਹ ਨੂੰ ਕਲਰਖੇੜਾ ਚੌਕੀ ਪੁਲਿਸ ਨੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ |
ਦੇਰ ਰਾਤ ਤੱਕ ਨਹੀਂ ਆਇਆ ਵਾਪਸ
ਮ੍ਰਿਤਕ ਦੀ ਪਛਾਣ ਗੁਰਵਿੰਦਰ ਪੁੱਤਰ ਅਮਰੀਕ ਸਿੰਘ (30) ਵਜੋਂ ਹੋਈ ਹੈ ਜੋ ਕਿ ਅਜੇ ਕੁਆਰਾ ਸੀ ਤੇ ਦਿਹਾੜੀ ਮਜ਼ਦੂਰੀ ਕਰਦਾ ਸੀ। ਗੁਰਵਿੰਦਰ ਦੇ ਵੱਡੇ ਭਰਾ ਸੁਖਵਿੰਦਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਦੋਸਤਾਂ ਨਾਲ ਸ਼ਰਾਬ ਪੀਣ ਲਈ ਗਿਆ ਸੀ ਪਰ ਦੇਰ ਰਾਤ ਤੱਕ ਵਾਪਸ ਨਹੀਂ ਆਇਆ। ਰਾਤ ਲਗਭਗ 12 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦਾ ਭਰਾ ਖੇਤ ਵਿਚ ਬੇਹੋਸ਼ ਪਿਆ ਹੈ ਜਿਸ ‘ਤੇ ਉਹ ਉਸ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਲਿਆਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ :ਪਟਿਆਲਾ ‘ਚ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ 4 ਮੁਲਜ਼ਮ ਕੀਤੇ ਕਾਬੂ
ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਕੀਤੇ ਦਰਜ
ਉੱਥੇ ਹੀ ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨੌਜਵਾਨ ਦੇ ਮ੍ਰਿਤਕ ਹੋਣ ਦਾ ਸਮਾਚਾਰ ਮਿਲਿਆ ਹੈ ਤੇ ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਵੀ ਦਰਜ ਕਰ ਲਏ ਹਨ। ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਰਿਵਾਰ ਵਾਲਿਆਂ ਨੇ ਜੋ ਕਤਲ ਦੇ ਦੋਸ਼ ਲਗਾਏ ਹਨ, ਉਸ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਲੱਗ ਸਕੇਗਾ।