ਨਾਭਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਐਕਟਿਵਾ ਸਵਾਰ ਦੀ ਮੌਕੇ ‘ਤੇ ਹੋਈ ਮੌਤ || Punjab News
ਪੰਜਾਬ ਵਿੱਚ ਸੜਕ ਹਾਦਸੇ ਨਿਤ ਦਿਨ ਵੱਧਦੇ ਜਾ ਰਹੇ ਹਨ ਜਿਸਦੇ ਚੱਲਦਿਆਂ ਰੋਜ਼ ਕਿੰਨੇ ਹੀ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈ ਰਹੀ ਹੈ | ਅਜਿਹਾ ਹੀ ਇੱਕ ਹਾਦਸਾ ਦੇਰ ਰਾਤ ਨਾਭਾ ਵਿੱਚ ਵਾਪਰਿਆ ਹੈ ਜਿੱਥੇ ਕਿ ਟ੍ਰੈਕਟਰ-ਟਰਾਲੀ ਨੇ ਐਕਟਿਵਾ ਸਵਾਰ ਕਿਸਾਨ ਨੂੰ ਟੱਕਰ ਮਾਰ ਦਿੱਤੀ | ਮ੍ਰਿਤਕ ਦੀ ਪਛਾਣ ਲੱਖਾ ਸਿੰਘ ਵਜੋਂ ਹੋਈ ਹੈ ਜੋ ਕਿ ਕਮੇਲੀ ਪਿੰਡ ਦਾ ਰਹਿਣ ਵਾਲਾ ਹੈ |
ਦੱਸਿਆ ਜਾ ਰਿਹਾ ਹੈ ਕਿ ਕਿਸਾਨ ਲੱਖਾ ਸਿੰਘ ਆਪਣੇ ਪਿੰਡ ਕਮੇਲੀ ਤੋਂ ਮਹਿਜ ਡੇਢ ਕਿਲੋਮੀਟਰ ਦੀ ਦੂਰੀ ਤੇ ਐਕਟਿਵਾ ਸਕੂਟਰੀ ‘ਤੇ ਜਾ ਰਿਹਾ ਸੀ ਤਾਂ ਅਣਪਛਾਤੇ ਟਰੈਕਟਰ ਟਰਾਲੀ ਨੇ ਉਸ ਨੂੰ ਫੇਟ ਮਾਰ ਦਿੱਤੀ , ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ | ਮ੍ਰਿਤਕ ਆਪਣੇ ਪਿੱਛੇ ਦੋ ਬੱਚਿਆਂ ਅਤੇ ਪਤਨੀ ਨੂੰ ਰੋਂਦੇ -ਕੁਰਲਾਉਂਦੇ ਛੱਡ ਗਿਆ | ਇਸ ‘ਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੋ ਟਰੈਕਟਰਾ ਦੇ ਉੱਪਰ ਵੱਡੇ-ਵੱਡੇ ਸਪੀਕਰ ਚਲਦੇ ਹਨ ਸਰਕਾਰ ਉਸ ਤੇ ਨੱਥ ਪਾਵੇ ਤਾਂ ਜੋ ਸੜਕ ਹਾਦਸਿਆਂ ਵਿੱਚ ਗਿਰਾਵਟ ਆ ਸਕੇ।
ਬਹੁਤ ਹੀ ਮਿਲਣ ਸਾਰ ਵਿਅਕਤੀ
ਨਾਭਾ ਬਲਾਕ ਦੇ ਪਿੰਡ ਕਮੇਲੀ ਦਾ ਰਹਿਣ ਵਾਲਾ ਕਿਸਾਨ ਲੱਖਾ ਸਿੰਘ ਉਮਰ 48 ਸਾਲਾ ਦੀ ਪਿੰਡ ਪਹੁੰਚਣ ਤੋਂ ਮਹਿਜ ਡੇਢ ਕਿਲੋਮੀਟਰ ਦੀ ਦੂਰੀ ‘ਤੇ ਹੀ ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਲੱਖਾ ਸਿੰਘ ਬਹੁਤ ਹੀ ਮਿਲਣ ਸਾਰ ਵਿਅਕਤੀ ਸੀ ਜੋ ਕਿ ਖੇਤੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਮ੍ਰਿਤਕ ਲੱਖਾ ਸਿੰਘ ਦੀ ਲੜਕੀ ਕੈਨੇਡਾ ਗਈ ਹੋਈ ਹੈ ਅਤੇ ਲੜਕਾ ਆਪਣੇ ਪਿਤਾ ਨਾਲ ਖੇਤਾਂ ਵਿੱਚ ਹੱਥ ਵਟਾਉਂਦਾ ਸੀ । ਇਸ ਘਟਨਾ ਤੋਂ ਬਾਅਦ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਜਿਸ ਨਾਲ ਉਹਨਾਂ ਦਾ ਰੋ -ਰੋ ਬੁਰਾ ਹਾਲ ਹੈ |
ਆਪਣੇ ਬਲਬੂਤੇ ‘ਤੇ ਲੜਕੀ ਨੂੰ ਭੇਜਿਆ ਕੈਨੇਡਾ
ਇਸ ਮੌਕੇ ‘ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਲੱਖਾ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਤਾਂ ਸਾਡੇ ਪਿੰਡ ਵਿੱਚ ਸੋਗ ਦੀ ਲਹਿਰ ਛਾਅ ਗਈ ਕਿਉਂਕਿ ਲੱਖਾ ਸਿੰਘ ਬਹੁਤ ਹੀ ਮਿਹਨਤੀ ਕਿਸਾਨ ਸੀ ਜਿਸ ਨੇ ਆਪਣੇ ਬਲਬੂਤੇ ‘ਤੇ ਹੀ ਲੜਕੀ ਨੂੰ ਕੈਨੇਡਾ ਭੇਜਿਆ ਅਤੇ ਉਥੇ ਸੈੱਟ ਕੀਤਾ, ਉਸ ਦਾ ਲੜਕਾ, ਅਤੇ ਉਸ ਦੀ ਪਤਨੀ ਇਹ ਪਿੱਛੇ ਰਹਿ ਗਏ ਹਨ ਕਿਉਂਕਿ ਲੱਖਾ ਸਿੰਘ ਨੇ ਆਪਣੇ ਬੇਟੇ ਅਤੇ ਬੇਟੀ ਦਾ ਵਿਆਹ ਵੀ ਨਹੀਂ ਕੀਤਾ ਉਹ ਦੋਵੇ ਕੁਆਰੇ ਹਨ। ਇਹ ਸੜਕ ਹਾਦਸਾ ਪਿੰਡ ਕਮੇਲੀ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੇ ਵਾਪਰਿਆ ਹੈ, ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਟਰੈਕਟਰ ਟਰਾਲੀਆਂ ਦੇ ਉੱਪਰ ਵੱਡੇ ਵੱਡੇ ਸਪੀਕਰ ਲਗਾ ਕੇ ਟਰੈਕਟਰ ਟਰਾਲੀਆਂ ਚਲਾਉਂਦੇ ਹਨ ਅਤੇ ਉਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਉਸ ਤੇ ਨੱਥ ਪਾਈ ਜਾਵੇ ਤਾਂ ਜੋ ਕਿਸੇ ਹੋਰ ਦਾ ਘਰ ਤਬਾਹ ਨਾ ਹੋਵੇ।