ਕੰਬਾਈਨ ਦੇ ਕਟਰ ‘ਚ ਆਈ ਕਾਰ, ਵਾਪਰਿਆ ਭਿਆਨਕ ਹਾਦਸਾ || News of Punjab
ਦੇਸ਼ ਭਰ ਦੇ ਵਿੱਚ ਸੜਕ ਹਾਦਸੇ ਦਿਨ ਪ੍ਰਤੀਦਿਨ ਵੱਧਦੇ ਹੀ ਜਾ ਰਹੇ ਹਨ ਜਿਸਦੇ ਚੱਲਦਿਆਂ ਜਲੰਧਰ ਦੇ ਰਾਮਾਮੰਡੀ ਹਾਈਵੇ ‘ਤੇ ਬੀਤੀ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਹੈ | ਇਹ ਹਾਦਸਾ ਹੋਟਲ ਮੈਰੀਟਨ ਤੋਂ ਥੋੜ੍ਹੀ ਦੂਰੀ ‘ਤੇ ਵਾਪਰਿਆ ਜਿਥੇ ਕਿ ਇੱਕ ਕੰਬਾਈਨ ਅਤੇ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਕੰਬਾਈਨ ਦੇ ਕਟਰ ‘ਚ ਆ ਗਈ ਸੀ। ਜਿਸਦੇ ਚੱਲਦਿਆਂ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।
2 ਲੋਕ ਹੋਏ ਗੰਭੀਰ ਜ਼ਖਮੀ
ਮਿਲੀ ਜਾਣਕਾਰੀ ਅਨੁਸਾਰ ਘਟਨਾ ਸਮੇਂ ਕਾਰ ਵਿੱਚ 3 ਵਿਅਕਤੀ ਸਵਾਰ ਸਨ। ਜਿਨ੍ਹਾਂ ‘ਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਬਾਕੀ 2 ਲੋਕ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਗੱਡੀ ਦੇ ਦੋਵੇਂ ਏਅਰਬੈਗ ਵੀ ਖੁੱਲ੍ਹ ਗਏ ਸਨ। ਜਿਸ ਤੋਂ ਬਾਅਦ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।