ਆਏ ਦਿਨ ਸੜਕ ਹਾਦਸਿਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆ ਰਹਿੰਦੀਆਂ ਹਨ। ਅਜਿਹਾ ਹੀ ਇੱਕ ਸੜਕ ਹਾਦਸਾ ਮਥੁਰਾ ‘ਚ ਵਾਪਰ ਗਿਆ ਹੈ। ਇਸ ਦਰਦਨਾਕ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਯਮੁਨਾ ਐਕਸਪ੍ਰੈਸਵੇਅ (ਵਾਈਐਕਸਪੀ) ‘ਤੇ ਵਾਪਰਿਆ। ਜਿੱਥੇ ਇੱਕ ਸਵਾਰੀਆਂ ਨਾਲ ਭਰੀ ਬੱਸ ਡਿਵਾਈਡਰ ਨਾਲ ਟਕਰਾਈ ਜਿਸ ਮਗਰੋਂ ਉਸ ਦੀ ਇੱਕ ਕਾਰ ਨਾਲ ਟੱਕਰ ਹੋ ਗਈ।
ਇਸ ਹਾਦਸੇ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਮਥੁਰਾ ਦੇ ਮਹਾਵਨ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਕਿਸ਼ਨਪੁਰ ਨੇੜੇ ਮਾਈਲ ਸਟੋਨ 110 ‘ਤੇ ਵਾਪਰੀ।
ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਸ਼ੈਲੇਸ਼ ਪਾਂਡੇ ਨੇ ਦੱਸਿਆ ਕਿ “ਯਮੁਨਾ ਐਕਸਪ੍ਰੈਸ ਵੇਅ ‘ਤੇ ਵਾਪਰੇ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ।
ਕਿਹਾ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਆਗਰਾ ਤੋਂ ਨੋਇਡਾ ਜਾ ਰਹੀ ਇੱਕ ਬੱਸ ਡਿਵਾਈਡਰ ਨਾਲ ਟਕਰਾ ਗਈ ਅਤੇ ਆਪਣਾ ਕੰਟਰੋਲ ਗੁਆ ਬੈਠੀ ਤੇ ਇੱਕ ਕਾਰ ਨਾਲ ਟਕਰਾ ਗਈ।
ਇਸ ਦੌਰਾਨ ਟੱਕਰ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਵਾਰੀਆਂ ਨੇ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਪਰ ਇਸ ਹਾਦਸੇ ‘ਚ ਕਾਰ ‘ਚ ਸਵਾਰ ਲੋਕ ਸੜ ਗਏ।
ਇਸ ਘਟਨਾ ਦੇ ਚਸ਼ਮਦੀਦਾਂ ਮੁਤਾਬਕ ਅੱਧਾ ਘੰਟਾ ਬੀਤ ਜਾਣ ਦੇ ਬਾਵਜੂਦ ਫਾਇਰ ਬ੍ਰਿਗੇਡ ਦੀ ਗੱਡੀ ਘਟਨਾ ਵਾਲੀ ਥਾਂ ‘ਤੇ ਨਹੀਂ ਪਹੁੰਚੀ। ਅੱਗ ਬੁਝਾਊ ਅਮਲੇ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।