ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜਨਾਲਾ ਵਾਸੀਆਂ ਨੂੰ ਇਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਜਿਸ ਅਧੀਨ 66 ਕੇ. ਵੀ. ਗਰਿਡ ਨੂੰ 220 ਕੇ. ਵੀ. ਗਰਿਡ ਵਿਚ ਤਬਦੀਲ ਕੀਤਾ ਜਾਵੇਗਾ। ਜਿਸ ’ਤੇ ਲਗਭਗ 35 ਕਰੋੜ ਰੁਪਏ ਖ਼ਰਚ ਆਉਣਗੇ ਅਤੇ ਇਸ ਦੇ ਨਾਲ ਹੀ ਅਜਨਾਲਾ ਹਲਕੇ ਵਿਚ 25 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦੇ ਪੋਲਾਂ ਦੀ ਲੰਬਾਈ 11 ਮੀਟਰ ਕੀਤੀ ਜਾਵੇਗੀ।
ਇਸ ਸਬੰਧੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੰਨ 1968 ਤੋਂ ਬਣੇ 66 ਕੇ. ਵੀ. ਗਰਿਡ ਨੂੰ 220 ਕੇ. ਵੀ. ਗਰਿਡ ਬਣਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਤੋਂ 55 ਸਾਲ ਪਹਿਲਾਂ ਬਣਿਆ ਇਹ ਗਰਿਡ ਆਬਾਦੀ ਅਨੁਸਾਰ ਲੋਕਾਂ ਨੂੰ ਬਿਜਲੀ ਦੀ ਸਪਲਾਈ ਪ੍ਰਦਾਨ ਕਰਦਾ ਸੀ ਪਰ ਲੰਮਾ ਸਮਾਂ ਬੀਤਣ ਉਪਰੰਤ ਕਈ ਕਾਂਗਰਸ ਅਤੇ ਅਕਾਲੀ ਸਰਕਾਰਾਂ ਨੇ ਰਾਜ ਕੀਤਾ ਪਰ ਇਸ ਗਰਿਡ ਦੀ ਸਾਰ ਨਹੀਂ ਲਈ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਨਿਰੰਤਰ ਬਿਜਲੀ ਦੀ ਸਪਲਾਈ ਦਾ ਵਾਅਦਾ ਕੀਤਾ ਸੀ, ਜਿਸ ਨੂੰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਪੂਰਾ ਕਰਦੇ ਹੋਏ 35 ਕਰੋੜ ਰੁਪਏ ਦੀ ਲਾਗਤ ਨਾਲ 220 ਕੇ. ਵੀ. ਗਰਿਡ ਕਰਨ ਦੀ ਮਨਜ਼ੂਰੀ ਦਿੱਤੀ ਹੈ।
ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਅਜਨਾਲਾ ਹਲਕੇ ਦੇ ਸਕੂਲਾਂ ਲਈ 27 ਕਰੋੜ 95 ਲੱਖ ਰੁਪਏ ਜਾਰੀ ਕੀਤੇ ਸਨ, ਜਿਸ ਵਿੱਚੋਂ ਸਕੂਲਾਂ ਦੀ ਮੁਰੰਮਤ ਆਦਿ ਲਈ 7 ਕਰੋੜ 18 ਲੱਖ ਰੁਪਏ ਦੀ ਪਹਿਲੀ ਕਿਸ਼ਤ ਪ੍ਰਾਪਤ ਹੋ ਗਈ ਜਿਸ ਨਾਲ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਵੇਗਾ।