ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦਾ ਹੋਇਆ ਦਿਹਾਂਤ

0
47

ਸਾਬਕਾ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਮੋਹਨ ਧਵਨ ਦਾ ਸ਼ਨੀਵਾਰ ਦੇਰ ਸ਼ਾਮ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹ 83 ਵਰ੍ਹਿਆਂ ਦੇ ਸਨ ਅਤੇ ਕੁਝ ਸਮੇਂ ਤੋਂ ਬਿਮਾਰ ਸਨ। ਧਵਨ ਆਖਰੀ ਦਮ ਤੱਕ ਆਮ ਲੋਕਾਂ ਲਈ ਲੜਦੇ ਰਹੇ। ਉਹ ਜਨਤਾ ਲਈ ਕਈ ਵਾਰ ਜੇਲ੍ਹ ਵੀ ਗਏ । ਉਨ੍ਹਾਂ ਦੇ ਦੇਹਾਂਤ ਨਾਲ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ।

ਹਰਮੋਹਨ ਧਵਨ ਦਾ ਜਨਮ 14 ਜੁਲਾਈ 1940 ਨੂੰ ਫਤਿਹਜੰਗ ਜ਼ਿਲ੍ਹਾ, ਕੈਂਬਲਪੁਰ (ਹੁਣ ਪਾਕਿਸਤਾਨ ਵਿੱਚ) ਵਿੱਚ ਹੋਇਆ ਸੀ। ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਅੰਬਾਲਾ ਛਾਉਣੀ ਆ ਗਏ। ਉਥੇ ਉਨ੍ਹਾਂ ਨੇ ਮੈਟ੍ਰਿਕ ਅਤੇ ਇੰਟਰ ਦੀ ਪ੍ਰੀਖਿਆ ਪਾਸ ਕੀਤੀ ਸੀ। ਸਾਲ 1989 ਵਿੱਚ ਧਵਨ ਚੰਡੀਗੜ੍ਹ ਦੇ ਸਾਂਸਦ ਚੁਣੇ ਗਏ ਸਨ। ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੀ ਸਰਕਾਰ ਵਿੱਚ ਉਹ ਸ਼ਹਿਰੀ ਹਵਾਬਾਜ਼ੀ ਮੰਤਰੀ ਰਹੇ।

ਉਹ ਆਪਣੇ ਪਿੱਛੇ ਪਤਨੀ ਸਤਿੰਦਰ ਧਵਨ ਅਤੇ ਦੋ ਪੁੱਤਰਾਂ ਅਤੇ ਇੱਕ ਧੀ ਸਮੇਤ ਵੱਡਾ ਪਰਿਵਾਰ ਛੱਡ ਗਏ ਹਨ। ਧਵਨ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬਨਸਪਤੀ ਵਿਗਿਆਨ ਤੋਂ ਬੀ.ਐਸ.ਸੀ. (ਆਨਰਸ) ਕੀਤਾ ਸੀ। ਉਹ ਸਾਲ 1977 ਵਿੱਚ ਰਾਜਨੀਤੀ ਵਿੱਚ ਆਏ ਅਤੇ 1981 ਵਿੱਚ ਚੰਡੀਗੜ੍ਹ ਜਨਤਾ ਪਾਰਟੀ ਦੇ ਪ੍ਰਧਾਨ ਬਣੇ। ਉਨ੍ਹਾਂ ਨੇ ਕਾਂਗਰਸ, ਬਸਪਾ ਅਤੇ ਭਾਜਪਾ ਵਿੱਚ ਵੀ ਸੇਵਾ ਕੀਤੀ।

ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਧਵਨ ਬਾਅਦ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਸਾਂਸਦ ਰਹਿੰਦਿਆਂ ਸ਼ਹਿਰ ਦੇ ਵਿਕਾਸ ਲਈ ਵਿਸ਼ੇਸ਼ ਯੋਗਦਾਨ ਪਾਇਆ। ਕਾਲੋਨੀ ਦੇ ਲੋਕਾਂ ਨੂੰ ਮਾਲਕੀ ਹੱਕ ਦਿੱਤੇ। ਸਟਰੀਟ ਵਿਕਰੇਤਾਵਾਂ ਨੂੰ ਸਥਾਈ ਬੂਥ ਮੁਹੱਈਆ ਕਰਵਾਏ।

ਕਾਲੋਨੀ ਅਤੇ ਪਿੰਡ ਦੇ ਲੋਕਾਂ ਲਈ ਹਮੇਸ਼ਾ ਸੰਘਰਸ਼ ਕੀਤਾ। ਹਰਮੋਹਨ ਧਵਨ ਦੇ ਯਤਨਾਂ ਸਦਕਾ ਸੈਕਟਰ-32 ਦਾ ਜੀ.ਐਮ.ਸੀ.ਐਚ. ਉਨ੍ਹਾਂ ਦੇ ਦੇਹਾਂਤ ‘ਤੇ ਸ਼ਹਿਰ ਦੇ ਕਈ ਆਗੂਆਂ ਅਤੇ ਹੋਰਨਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

LEAVE A REPLY

Please enter your comment!
Please enter your name here