ਨੌਜਵਾਨਾਂ ‘ਚ ਲਗਾਤਾਰ ਜਿੱਥੇ ਵਿਦੇਸ਼ਾਂ ‘ਚ ਜਾ ਕੇ ਸੈਂਟਲ ਹੋਣ ਦੇ ਸੁਪਨੇ ਦੇਖੇ ਜਾ ਰਹੇ ਹਨ, ਉੱਥੇ ਹੀ ਉਨ੍ਹਾਂ ਦੇ ਸੁਪਨੇ ਉਸ ਸਮੇਂ ਚਕਨਾਚੂਰ ਹੋ ਜਾਂਦੇ ਹਨ ਜਦੋਂ ਉਹ ਆਪਣੇ ਘਰਦਿਆਂ ਤੋਂ ਦੂਰ ਵਿਦੇਸ਼ ‘ਚ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਆਏ ਦਿਨ ਵਿਦੇਸ਼ ‘ਚ ਸੜਕੀ ਹਾਦਸਿਆਂ ‘ਚ ਕਈ ਨੌਜਵਾਨਾਂ ਦੀਆਂ ਮੌ.ਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਅਜਿਹਾ ਹੀ ਇੱਕ ਤਾਜ਼ਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਨੌਜਵਾਨ ਪੰਜਾਬ ਤੋਂ ਕੁੱਝ ਸਾਲ ਪਹਿਲਾਂ ਵੱਡੇ-ਵੱਡੇ ਸੁਪਨੇ ਲੈ ਕੇ ਵਿਦੇਸ਼ ਗਿਆ ਸੀ। ਜਿਸ ਨਾਲ ਭਿਆਨਕ ਹਾਦਸਾ ਵਾਪਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਬਟਾਲਾ ਨਾਲ ਸੰਬੰਧ ਰੱਖਦਾ ਸੀ।
ਜਾਣਕਾਰੀ ਅਨੁਸਾਰ ਇਹ ਨੌਜਵਾਨ ਬਟਾਲਾ ਦੇ ਨੇੜਲੇ ਪਿੰਡ ਡੁੱਡੀਪੁਰ ਦਾ ਰਹਿਣ ਵਾਲਾ ਸੀ। ਇਸ ਨੌਜਵਾਨ ਦੀ ਅਮਰੀਕਾ ‘ਚ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ 3 ਸਾਲ ਪਹਿਲਾਂ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ।
ਮ੍ਰਿਤਕ ਨੌਜਵਾਨ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਹ 31 ਸਾਲ ਦਾ ਸੀ। ਉਹ ਆਪਣੀ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਸੀ ਤੇ ਇੱਕ ਸਾਲ ਪਹਿਲਾਂ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਮ੍ਰਿਤਕ ਆਪਣੇ ਪਿੱਛੇ ਪਰਿਵਾਰ ‘ਚ ਵਿਧਵਾ ਮਾਂ, ਭੈਣ, ਪਤਨੀ ਅਤੇ 2 ਧੀਆਂ ਛੱਡ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਪਿਤਾ ਪੰਜਾਬ ਰੋਡਵੇਜ਼ ‘ਚ ਡਰਾਈਵਰ ਦੀ ਨੌਕਰੀ ਕਰਦਾ ਸੀ ਤੇ ਉਹ ਰਿਟਾਇਰਡ ਹੋ ਗਿਆ ਸੀ।ਉਸਨੇ ਬੇਟੇ ਗੁਰਵਿੰਦਰ ਨੂੰ ਕਰਜ਼ਾ ਚੁੱਕ ਕੇ ਚੰਗੇ ਭਵਿੱਖ ਖ਼ਾਤਰ ਵਿਦੇਸ਼ੀ ਧਰਤੀ ਅਮਰੀਕਾ ਭੇਜਿਆ ਸੀ। ਪੁੱਤਰ ਨੂੰ ਤਾਂ ਵਿਦੇਸ਼ ਭੇਜ ਦਿੱਤਾ ਸੀ ਤੇ ਉਸ ਦੇ ਪਿੱਛੋਂ ਪਿਤਾ ਦੀ ਮੌਤ ਹੋ ਗਈ। ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਗੁਰਵਿੰਦਰ ਬਹੁਤ ਹੀ ਸਾਊ ਸੁਭਾਅ ਦਾ ਨੌਜਵਾਨ ਸੀ।
ਮ੍ਰਿਤਕ ਨੌਜਵਾਨ ਦੀ ਪਤਨੀ ਅਤੇ ਮਾਂ ਨੇ ਕਿਹਾ ਕਿ ਰੋਜ਼ਾਨਾ ਹੀ ਉਨ੍ਹਾਂ ਦੀ ਗੁਰਵਿੰਦਰ ਨਾਲ ਫੋਨ ‘ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਇਸ ਘਟਨਾ ਤੋਂ ਇੱਕ ਦਿਨ ਪਹਿਲਾ ਹੀ ਗੁਰਵਿੰਦਰ ਨੇ ਪਰਿਵਾਰ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ।
ਹੁਣ ਦੁਖੀ ਪਰਿਵਾਰ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਗੁਰਵਿੰਦਰ ਦੀ ਦੇਹ ਜਲਦ ਤੋਂ ਜਲਦ ਪਰਿਵਾਰ ਕੋਲ ਲਿਆਂਦੀ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਨੂੰ ਆਖ਼ਰੀ ਵਾਰ ਦੇਖ ਸਕਣ ਤੇ ਉਸ ਦੀਆਂ ਅੰਤਿਮ ਸਸਕਾਰ ਕਰ ਸਕਣ।