ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ ਇਕ ਪੁਲਸ ਥਿੰਕ ਟੈਂਕ ਨੇ ਸੋਸ਼ਲ ਮੀਡੀਆ ਮੈਸੇਜਿੰਗ ਪਲੇਟਫਾਰਮ ਵ੍ਹਟਸਐਪ ’ਤੇ ਸਾਈਬਰ ਅਪਰਾਧ ਅਤੇ ਵਿੱਤੀ ਧੋਖਾਦੇਹੀ ਦੇ ਵੱਖ-ਵੱਖ ਮਾਮਲਿਆਂ ਦੇ ਖਿਲਾਫ ਐਡਵਾਈਜ਼ਰੀ ਅਤੇ ਚਿਤਾਵਨੀਆਂ ਜਾਰੀ ਕੀਤੀ ਹੈ।
ਬਿਊਰੋ ਆਫ ਪੁਲਸ ਰਿਸਰਚ ਐਂਡ ਡਿਵੈਲਪਮੈਂਟ (ਬੀ. ਪੀ. ਆਰ. ਡੀ.) ਨੇ ਅਜਿਹੇ 7 ਤਰ੍ਹਾਂ ਦੇ ਫਰਾਡ ਦੀ ਪਛਾਣ ਕੀਤੀ ਹੈ ਜਿਨ੍ਹਾਂ ’ਚ ਮਿਸਡ ਕਾਲ, ਵੀਡੀਓ ਕਾਲ, ਨੌਕਰੀ ਦੀ ਪੇਸ਼ਕਸ਼ ਅਤੇ ਨਿਵੇਸ਼ ਯੋਜਨਾਵਾਂ ਦੇ ਨਾਂ ’ਤੇ ਧੋਖਾਦੇਹੀ, ਪਛਾਣ ਬਦਲ ਕੇ ਜਾਲਸਾਜ਼ੀ, ਸੰਨ੍ਹ ਲਾਉਣੀ ਅਤੇ ਸਕ੍ਰੀਨ ਸ਼ੇਅਰਿੰਗ ਸ਼ਾਮਲ ਹਨ।
8 ਪੰਨਿਆਂ ਦੀ ਐਡਵਾਈਜ਼ਰੀ-ਕਮ-ਅਲਰਟ ’ਚ ਕਿਹਾ ਗਿਆ ਹੈ ਕਿ ‘ਹਾਈਜੈਕਿੰਗ’ ਮਾਮਲਿਆਂ ਦੇ ਜਾਲਸਾਜ਼ ਪੀੜਤ ਦੇ ਵ੍ਹਟਸਐਪ ਖਾਤੇ ਤੱਕ ਅਣਅਧਿਕਾਰਤ ਪਹੁੰਚ ਬਣਾ ਲੈਂਦੇ ਹਨ ਅਤੇ ਉਨ੍ਹਾਂ ਦੇ ਸੰਪਰਕ ਵਾਲਿਆਂ ਤੋਂ ਪੈਸੇ ਦੀ ਅਪੀਲ ਕਰਦੇ ਹਨ।
ਬੀ. ਪੀ. ਆਰ. ਡੀ. ਨੇ ਕਿਹਾ ਕਿ ਕੁਝ ਲੋਕਾਂ ਨੇ ਅਣਜਾਣ ਨੰਬਰਾਂ ਤੋਂ ਵ੍ਹਟਸਐਪ ਵੀਡੀਓ ਕਾਲਾਂ ਵੀ ਦੇਖੀਆਂ ਹਨ। ਇਹ ਅਸਲ ’ਚ ਸੈਕਸਟੌਰਸ਼ਨ ਅਧਾਰਿਤ ਵੀਡੀਓ ਕਾਲਾਂ ਸਨ ਜੋ ਉਪਭੋਗਤਾ ਨੂੰ ਧਮਕਾਉਣ ਲਈ ਵਰਤੀਆਂ ਜਾਂਦੀਆਂ ਹਨ। ਬੀ. ਪੀ. ਆਰ. ਡੀ. ਨੇ ਕਿਹਾ ਕਿ ਹੈਕਰ ਯੂਜ਼ਰ ਨੂੰ ਬਲੈਕਮੇਲ ਕਰਦੇ ਹਨ ਅਤੇ ਬਦਲੇ ’ਚ ਪੈਸੇ ਦੀ ਮੰਗ ਕਰਦੇ ਹਨ।