ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਮਾਲ ਵਿਭਾਗ ਦੇ ਪਟਵਾਰੀ ਜਗਜੀਤ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਇਹ ਪਟਵਾਰੀ ਹਲਕਾ ਕਲਿਆਣ ਸੁੱਖਾ ਵਿਚ ਤਾਇਨਾਤ ਸੀ ਜਿੱਥੇ ਉਹ ਤਬਾਦਲੇ ਦੀ ਰਿਪੋਰਟ ਪੇਸ਼ ਕਰਨ ਦੇ ਬਦਲੇ ਰਿਸ਼ਵਤ ਲੈ ਰਿਹਾ ਸੀ। ਬਠਿੰਡਾ ਨੇੜੇ ਇਸੇ ਪਿੰਡ ਦੇ ਕੁਲਦੀਪ ਸਿੰਘ ਨੇ ਪਟਵਾਰੀ ਖ਼ਿਲਾਫ਼ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੁਲਦੀਪ ਸਿੰਘ ਨੇ ਵਿਜੀਲੈਂਸ ਕੋਲ ਪਹੁੰਚ ਕੇ ਦੋਸ਼ ਲਾਇਆ ਸੀ ਕਿ ਉਸ ਦੀ ਪਿੰਡ ਕਲਿਆਣ ਸੁੱਖਾ ਵਿਚ ਕਰੀਬ 6 ਏਕੜ ਜ਼ਮੀਨ ਹੈ, ਜਿਸ ਵਿੱਚ ਉਸ ਦੇ ਭਰਾ ਅਤੇ ਪਿਤਾ ਤੋਂ ਇਲਾਵਾ ਹੋਰ ਰਿਸ਼ਤੇਦਾਰਾਂ ਦਾ ਵੀ ਹਿੱਸਾ ਹੈ। ਕੁਲਦੀਪ ਸਿੰਘ ਨੇ ਆਪਣੇ ਹਿੱਸੇ ਦੀ ਦੋ ਕਨਾਲ ਜ਼ਮੀਨ ਕਿਸੇ ਹੋਰ ਧਿਰ ਨੂੰ ਤਬਦੀਲ ਕਰਵਾਉਣੀ ਸੀ। ਇਸ ਸਬੰਧੀ ਉਸ ਨੇ ਆਪਣੀ ਦਰਖਾਸਤ ਅਤੇ ਹਲਫ਼ਨਾਮਾ ਪਟਵਾਰੀ ਜਗਜੀਤ ਸਿੰਘ ਦੇ ਸਹਾਇਕ ਬੇਅੰਤ ਸਿੰਘ ਨੂੰ ਦਿੱਤਾ ਸੀ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਪਟਵਾਰੀ ਵੱਲੋਂ ਜ਼ਮੀਨ ਦਾ ਤਬਾਦਲਾ ਨਹੀਂ ਕੀਤਾ ਗਿਆ।
ਇਸ ਤੋਂ ਬਾਅਦ ਜਦੋਂ ਕੁਲਦੀਪ ਸਿੰਘ ਨੇ ਪਟਵਾਰਖਾਨੇ ਵਿੱਚ ਜਾ ਕੇ ਪਟਵਾਰੀ ਦੇ ਨਿੱਜੀ ਸਹਾਇਕ ਬੇਅੰਤ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਜ਼ਮੀਨ ਦੇ ਤਬਾਦਲੇ ਸਬੰਧੀ ਪਟਵਾਰੀ ਨਾਲ ਗੱਲ ਕਰਨ ਲਈ ਕਿਹਾ। ਇਸ ਤੋਂ ਬਾਅਦ ਪਟਵਾਰੀ ਅਤੇ ਉਸ ਦੇ ਨਿੱਜੀ ਸਹਾਇਕ ਬੇਅੰਤ ਸਿੰਘ ਨੇ ਕੁਲਦੀਪ ਸਿੰਘ ਤੋਂ ਕੰਮ ਕਰਵਾਉਣ ਬਦਲੇ 12,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਪਟਵਾਰੀ ਵੱਲੋਂ ਰਿਸ਼ਵਤ ਮੰਗਣ ਤੋਂ ਬਾਅਦ 10,000 ਰੁਪਏ ਵਿੱਚ ਸਮਝੌਤਾ ਹੋ ਗਿਆ। ਕੁਝ ਦਿਨ ਪਹਿਲਾਂ ਉਕਤ ਪਟਵਾਰੀ ਵੱਲੋਂ ਜ਼ਮੀਨ ਅਤੇ ਬੈਂਕ ਦੀ ਲਿਮਟ ਸਬੰਧੀ 10,000 ਰੁਪਏ ਦੀ ਰਿਸ਼ਵਤ ਵੀ ਲਈ ਗਈ ਸੀ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਕੁਲਦੀਪ ਸਿੰਘ ਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਵੱਲੋਂ ਜਾਲ ਵਿਛਾਇਆ ਗਿਆ ਹੈ। ਜਿਸ ਦੇ ਚੱਲਦਿਆਂ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਪਾਸੋਂ ਉਸ ਦੀ ਜ਼ਮੀਨ ਦੀ ਬੋਲੀ ਕਰਵਾਉਣ ਬਦਲੇ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਜਦਕਿ ਪਟਵਾਰੀ ਦੇ ਸਹਾਇਕ ਬੇਅੰਤ ਸਿੰਘ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਦੋਵਾਂ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।