ਪੰਜਾਬ ਸਕੂਲ ਸਿੱਖਿਆ ਬੋਰਡ ਦੇ 11ਵੀਂ ਅਤੇ 12ਵੀਂ ਦੇ ਮੈਡੀਕਲ ਤੇ ਨਾਨ ਮੈਡੀਕਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖਬਰੀ ਹੈ। ਪੀ. ਐੱਸ. ਈ. ਬੀ. ਦੇ 11ਵੀਂ ਤੇ 12ਵੀਂ ਦੇ ਮੈਡੀਕਲ ਤੇ ਨਾਨ ਮੈਡੀਕਲ ਦੇ ਵਿਦਿਆਰਥੀ ਹੁਣ ਸਾਇੰਸ ਤੇ ਗਣਿਤ ਦਾ ਵਿਸ਼ਾ ਆਪਣੀ ਮਾਤ ਭਾਸ਼ਾ ਪੰਜਾਬੀ ‘ਚ ਪੜ੍ਹਨਗੇ। ਲੰਮੇ ਸਮੇਂ ਤੋਂ ਇਹ ਵਿਸ਼ੇ ਪੰਜਾਬੀ ‘ਚ ਪੜ੍ਹਾਉਣ ਦੀ ਕੀਤੀ ਜਾ ਰਹੀ ਮੰਗ ਪੂਰੀ ਕਰਦਿਆਂ ਬੋਰਡ ਇਹ ਪਾਠ ਪੁਸਤਕਾਂ ਪੰਜਾਬੀ ਮਾਧਿਅਮ ‘ਚ ਛਾਪਣ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਬੋਰਡ ਨੇ ਅਕਾਦਮਿਕ ਸਾਲ 2024-25 ਲਈ 23 ਪਾਠ-ਪੁਸਤਕਾਂ ਦੇ ਨਵੇਂ ਟਾਈਟਲ ਛਾਪਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ‘ਚ ਜ਼ਿਆਦਾਤਾਰ ਪਾਠ-ਪੁਸਤਕਾਂ 11ਵੀਂ ਤੇ 12ਵੀਂ ਨਾਲ ਸਬੰਧਤ ਹਨ ਜਿਹੜੀਆਂ ਪਹਿਲਾਂ ਕਦੇ ਨਹੀਂ ਛਪੀਆਂ।
ਸਾਲ 2023 ਤਕ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਨਾਲ ਸਬੰਧਤ ਲਗਭਗ 25 ਟਾਈਟਲ ਬੋਰਡ ਨੇ ਛਾਪੇ ਸਨ। ਹੁਣ ਇਨ੍ਹਾਂ ‘ਚ 23 ਹੋਰ ਟਾਈਟਲ ਸ਼ਾਮਲ ਕੀਤੇ ਗਏ ਹਨ।
ਨਵੇਂ ਅਕਾਦਮਿਕ ਵਰ੍ਹੇ ਤੋਂ 11ਵੀਂ ਤੇ 12ਵੀਂ ਜਮਾਤ ਦੇ ਅਰਥ ਸ਼ਾਸਤਰ, ਪਬਲਿਕ ਐਡਮਨਿਸਟ੍ਰੇਸ਼ਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਬਿਜ਼ਨਸ ਸਟੱਡੀਜ਼, ਕੰਪਿਊਟਰ, ਮਾਡਰਨ ਆਫਿਸ ਪ੍ਰੈਕਟਿਸ ਵਿਸ਼ਿਆ ਤੋਂ ਇਲਾਵਾ ਹੋਰ ਦੂਜੀਆਂ ਜਮਾਤਾਂ ਦੇ ਕੁੱਝ ਹੋਰ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਬੋਰਡ ਸਿੱਖਿਆ ਬੋਰਡ ਦੇ ਪੁਸਤਕ ਭੰਡਾਰ ‘ਚ ਸ਼ਾਮਲ ਹੋਣਗੀਆਂ।