ਟਰੱਕ ਤੇ ਈ-ਰਿਕਸ਼ਾ ਵਿਚਾਲੇ ਹੋਈ ਭਿਆਨਕ ਟੱਕਰ, ਮਾਂ-ਧੀ ਦੀ ਦਰਦਨਾਕ ਮੌ.ਤ

0
21

ਗੁਰਦਾਸਪੁਰ ਦੇ ਹਰਦੋਛਨੀ ਰੋਡ ’ਤੇ ਨਬੀਪੁਰ ਬਾਈਪਾਸ ਨੇੜੇ ਟਰੱਕ ਅਤੇ ਈ-ਰਿਕਸ਼ਾ ਵਿਚਾਲੇ ਹੋਈ ਭਿਆਨਕ ਟੱਕਰ ’ਚ ਮਾਂ-ਧੀ ਦੀ ਦਰਦਨਾਕ ਮੌਤ ਹੋ ਗਈ। ਜਦਕਿ ਉਸ ਦਾ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਘਟਨਾ ਤੋਂ ਬਾਅਦ ਈ ਰਿਕਸ਼ਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਦੋਂਕਿ ਲੋਕਾਂ ਨੇ ਟਰੱਕ ਡਰਾਈਵਰ ਨੂੰ ਮੌਕੇ ’ਤੇ ਹੀ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਮੌਕੇ ’ਤੇ ਪਹੁੰਚੀ ਪੁਲਿਸ ਨੇ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਲਵਲੀ ਪਤਨੀ ਸੁਖਵਿੰਦਰ, ਵਾਸੀ ਕਾਲਾ ਨੰਗਲ, ਆਪਣੀ ਲੜਕੀ ਸ਼ਹਿਨਾਜ਼ (4) ਅਤੇ ਪੁੱਤਰ ਸਾਹਿਲ ਨਾਲ ਈ-ਰਿਕਸ਼ਾ ’ਤੇ ਆਪਣੇ ਨਾਨਕੇ ਘਰ ਜਾ ਰਹੀ ਸੀ। ਜਿਵੇਂ ਹੀ ਉਸ ਦਾ ਈ-ਰਿਕਸ਼ਾ ਹਰਦੋਚੰਨੀ ਬਾਈਪਾਸ ਕੋਲ ਪੁੱਜਾ ਤਾਂ ਨਬੀਪੁਰ ਵੱਲੋਂ ਆ ਰਹੇ ਟਰੱਕ ਨਾਲ ਉਸ ਦੀ ਟੱਕਰ ਹੋ ਗਈ। ਚਸ਼ਮਦੀਦਾਂ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਈ-ਰਿਕਸ਼ਾ ਦੇ ਪਰਖੱਚੇ ਉੱਡ ਗਏ ਅਤੇ ਮਹਿਲਾ ਲਵਲੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਜਦਕਿ ਉਸ ਦੀ ਬੇਟੀ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਹਾਦਸੇ ਦਾ ਸ਼ਕਿਾਰ ਹੋਏ ਸਾਹਿਲ ਨੂੰ ਵੀ ਗੰਭੀਰ ਸੱਟਾਂ ਲੱਗੀਆਂ, ਜਿਸ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਟਰੱਕ, ਡਰਾਈਵਰ ਅਤੇ ਈ-ਰਿਕਸ਼ਾ ਵਾਹਨ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਜਦੋਂ ਵੀ ਵੱਡੇ ਸ਼ਹਿਰਾਂ ਵਿਚ ਅਜਿਹੇ ਚੌਰਾਹੇ ਜਾਂ ਬਾਈਪਾਸ ਦਾ ਨਿਰਮਾਣ ਹੁੰਦਾ ਹੈ ਤਾਂ ਉਥੇ ਟਰੈਫਿਕ ਨਿਯਮਾਂ ਅਨੁਸਾਰ ਸਿਗਨਲ ਲਾਈਟਾਂ ਲਗਾਈਆਂ ਜਾਂਦੀਆਂ ਹਨ ਤਾਂ ਜੋ ਹਾਦਸੇ ਨਾ ਵਾਪਰਨ। ਪਰ ਇਸ ਬਾਈਪਾਸ ਨੂੰ ਬਣਾਉਂਦੇ ਸਮੇਂ ਕੋਈ ਧਿਆਨ ਨਹੀਂ ਰੱਖਿਆ ਗਿਆ। ਜਿਸ ਕਾਰਨ ਬਾਈਪਾਸ ’ਤੇ ਸਿਗਨਲ ਲਾਈਟਾਂ ਨਾ ਲੱਗਣ ਕਾਰਨ ਅਜਿਹੇ ਵੱਡੇ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਦਾ ਨਤੀਜਾ ਮਾਂ-ਧੀ ਨੂੰ ਆਪਣੀ ਜਾਨ ਨਾਲ ਭੁਗਤਣਾ ਪਿਆ।

ਬਾਈਪਾਸ ਦੇ ਆਲੇ-ਦੁਆਲੇ ਦੇ ਦੁਕਾਨਦਾਰਾਂ ਅਤੇ ਇਸ ਰਸਤੇ ਤੋਂ ਰੋਜ਼ਾਨਾ ਲੰਘਣ ਵਾਲੇ ਪੈਦਲ ਯਾਤਰੀਆਂ ਨੇ ਦੱਸਿਆ ਕਿ ਇਸ ਬਾਈਪਾਸ ’ਤੇ ਸਿਗਨਲ ਲਾਈਟਾਂ ਨਾ ਹੋਣ ਕਾਰਨ ਲੋਕ ਆਪਣੇ ਵਾਹਨਾਂ ਨੂੰ ਤੇਜ਼ ਰਫਤਾਰ ਨਾਲ ਲੈ ਕੇ ਲੰਘਦੇ ਹਨ। ਜਿਸ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਈਪਾਸ ’ਤੇ ਕੋਈ ਵੀ ਟਰੈਫਿਕ ਅਧਿਕਾਰੀ ਜਾਂ ਕਰਮਚਾਰੀ ਤਾਇਨਾਤ ਨਹੀਂ ਹੈ। ਜਿਸ ਨਾਲ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ। ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਾਈਪਾਸ ’ਤੇ ਸਿਗਨਲ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਪੁਲੀਸ ਮੁਲਾਜ਼ਮ ਵੀ ਤਾਇਨਾਤ ਕੀਤੇ ਜਾਣ।

LEAVE A REPLY

Please enter your comment!
Please enter your name here