ਪੁਲਿਸ ਵੱਲੋਂ ਨਾਜਾਇਜ਼ ਹ.ਥਿਆ.ਰਾਂ ਦੀ ਤਸਕਰੀ ਦਾ ਪਰਦਾਫਾਸ਼, 10 ਤਸਕਰ ਗ੍ਰਿਫਤਾਰ

0
29

ਖੰਨਾ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਨਾਜਾਇਜ਼ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਵੱਲੋਂ ਘਰ ਵਿੱਚ ਚਲਾਈ ਜਾ ਰਹੀ ਗੈਰ ਕਾਨੂੰਨੀ ਅਸਲਾ ਫੈਕਟਰੀ ਫੜੀ ਗਈ ਹੈ। ਇੱਥੋਂ ਪੰਜਾਬ ਨੂੰ ਹਥਿਆਰ ਸਪਲਾਈ ਕੀਤੇ ਜਾਂਦੇ ਸੀ। ਅਸਲਾ ਬਣਾਉਣ ਵਾਲੇ ਮੁਲਜ਼ਮ ਸਮੇਤ ਕੁੱਲ 10 ਵਿਅਕਤੀਆਂ ਨੂੰ 22 ਨਾਜਾਇਜ਼ ਪਿਸਤੌਲਾਂ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਫਲਤਾ ਨਾਲ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਦੋ ਵੱਖ-ਵੱਖ ਗਿਰੋਹਾਂ ਦਾ ਪਰਦਾਫਾਸ਼ ਹੋਇਆ ਹੈ।

SSP ਅਮਨੀਤ ਕੌਂਡਲ ਨੇ ਦੱਸਿਆ ਕਿ ਇਹ ਕਾਰਵਾਈ 1 ਦਸੰਬਰ ਤੋਂ ਸ਼ੁਰੂ ਹੋਈ ਸੀ, ਜਦੋਂ ਖੰਨਾ ਪੁਲਿਸ ਨੇ ਨਾਕਾਬੰਦੀ ਦੌਰਾਨ ਗੁਰਲਾਲ ਸਿੰਘ ਸਾਜਨ ਵਾਸੀ ਹੋਠੀਆਂ (ਤਰਨ ਤਾਰਨ) ਤੇ ਮਨਦੀਪ ਸਿੰਘ ਵਾਸੀ ਜੰਡਿਆਲਾ ਪੱਟੀ ਨੂੰ 4 ਨਾਜਾਇਜ਼ ਪਿਸਤੌਲਾਂ ਸਮੇਤ ਕਾਬੂ ਕੀਤਾ ਸੀ। ਪੁੱਛਗਿੱਛ ਦੌਰਾਨ ਅੰਮ੍ਰਿਤਸਰ ਦੇ ਰਕਸ਼ਿਤ ਸੈਣੀ ਦਾ ਨਾਂ ਸਾਹਮਣੇ ਆਇਆ, ਜਿਸ ਨੂੰ ਇਹ ਹਥਿਆਰ ਸਪਲਾਈ ਕੀਤੇ ਜਾਣੇ ਸਨ। ਇਸ ਮਗਰੋਂ ਰਕਸ਼ਿਤ ਸੈਣੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ।

ਮੁਲਜ਼ਮ ਨੇ ਖੁਲਾਸਾ ਕੀਤਾ ਸੀ ਕਿ ਇਹ ਹਥਿਆਰ ਅਭਿਨਵ ਮਿਸ਼ਰਾ ਉਰਫ ਅਨੁਜ ਵਾਸੀ ਖਰਗੋਨ (ਮੱਧ ਪ੍ਰਦੇਸ਼), ਕਮਲ ਬਡੋਲੇ ਵਾਸੀ ਖਰਗੋਨ (ਮੱਧ ਪ੍ਰਦੇਸ਼) ਤੇ ਕੁਲਦੀਪ ਸਿੰਘ ਵਾਸੀ ਮੁਨਾਵਰ (ਮੱਧ ਪ੍ਰਦੇਸ਼) ਤੋਂ ਲਿਆਂਦੇ ਗਏ ਸਨ। ਅਭਿਨਵ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਵਿਸ਼ੇਸ਼ ਟੀਮ ਮੱਧ ਪ੍ਰਦੇਸ਼ ਭੇਜੀ ਗਈ ਸੀ। ਅਭਿਨਵ ਨੂੰ 11 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ 2 ਪਿਸਤੌਲ ਬਰਾਮਦ ਹੋਏ ਸੀ। ਕਮਲ ਬਡੋਲੇ ਨੂੰ ਕਾਬੂ ਕਰਕੇ 5 ਪਿਸਤੌਲ ਬਰਾਮਦ ਕੀਤੇ। ਕੁਲਦੀਪ ਸਿੰਘ ਕੋਲੋਂ ਵੀ 5 ਪਿਸਤੌਲ ਬਰਾਮਦ ਹੋਏ।

SSP ਕੌਂਡਲ ਨੇ ਦੱਸਿਆ ਕਿ ਇਸੇ ਤਰ੍ਹਾਂ 6 ਦਸੰਬਰ ਨੂੰ CIA ਸਟਾਫ਼ ਨੇ ਤਜਿੰਦਰ ਸਿੰਘ ਸਾਬੀ ਤੇ ਅਰਜਿੰਦਰ ਸਿੰਘ ਜੋਹਨ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਸੀ। ਇਨ੍ਹਾਂ ਦੇ ਸਬੰਧ ਬਾਹਰਲੇ ਸੂਬਿਆਂ ਵਿੱਚ ਬੈਠੇ ਹਥਿਆਰ ਸਪਲਾਈ ਕਰਨ ਵਾਲੇ ਸਮੱਗਲਰਾਂ ਨਾਲ ਵੀ ਜੁੜੇ ਹੋ ਸਕਦੇ ਹਨ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਕੋਲੋਂ 6 ਹਥਿਆਰ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਦਾ ਕਿੰਗਪਿਨ ਅਭਿਨਵ ਹੈ। ਉਹ ਪਹਿਲਾਂ ਵੀ ਦੋ ਵਾਰ ਹਥਿਆਰਾਂ ਦੀ ਸਪਲਾਈ ਕਰ ਚੁੱਕਾ ਹੈ। ਜਲੰਧਰ ‘ਚ ਦਰਜ ਇੱਕ ਮਾਮਲੇ ‘ਚ ਪੀਓ ਹੈ।

ਕੁਲਦੀਪ ਸਿੰਘ ਮੱਧ ਪ੍ਰਦੇਸ਼ ਵਿੱਚ ਹਥਿਆਰ ਬਣਾਉਣ ਦਾ ਕੰਮ ਕਰਦਾ ਸੀ। ਪਹਿਲਾਂ ਵੀ ਉਹ ਹਥਿਆਰ ਬਣਾ ਕੇ ਸਪਲਾਈ ਕਰ ਚੁੱਕੇ ਹਨ। ਕੁਲਦੀਪ ਦੇ ਪਿਤਾ ਪ੍ਰਹਿਲਾਦ ਸਿੰਘ ਖ਼ਿਲਾਫ਼ ਮੱਧ ਪ੍ਰਦੇਸ਼ ਵਿੱਚ ਅਸਲਾ ਐਕਟ ਤਹਿਤ 10 ਤੋਂ ਵੱਧ ਕੇਸ ਦਰਜ ਹਨ। ਖੰਨਾ ਪੁਲਿਸ ਪ੍ਰਹਿਲਾਦ ਖਿਲਾਫ ਵੀ ਕਾਰਵਾਈ ਕਰ ਸਕਦੀ ਹੈ। ਇਹ ਗਿਰੋਹ ਇੰਨਾ ਨਿਪੁੰਨ ਸੀ ਕਿ ਉਹ ਆਪਣੇ ਘਰ ਵਿੱਚ ਚੱਲਦੀ ਗੈਰ-ਕਾਨੂੰਨੀ ਫੈਕਟਰੀ ਵਿੱਚ ਸਕਰੈਪ ਤੋਂ ਪਿਸਤੌਲ ਵਰਗੇ ਵਿਦੇਸ਼ੀ ਹਥਿਆਰ ਬਣਾ ਲੈਂਦੇ ਸਨ। ਇਹ ਹਥਿਆਰ ਮੰਗੇ ਭਾਅ ਵੇਚੇ ਜਾਂਦੇ ਸਨ।

ਖਾਸ ਕਰਕੇ ਗੈਂਗਸਟਰਾਂ ਦੇ ਗਿਰੋਹਾਂ ਨੂੰ ਹਥਿਆਰ ਸਪਲਾਈ ਕੀਤੇ ਜਾ ਰਹੇ ਸਨ। ਹਥਿਆਰਾਂ ਨਾਲ ਪੰਜਾਬ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਇਹ ਸਮੁੱਚੀ ਕਾਰਵਾਈ SSP ਅਮਨੀਤ ਕੌਂਡਲ ਦੀ ਦੇਖ-ਰੇਖ ਹੇਠ ਕੀਤੀ ਗਈ। ਇਸ ਦੀ ਅਗਵਾਈ ਐਸਪੀ (ਆਈ) ਡਾ. ਪ੍ਰਗਿਆ ਜੈਨ ਨੇ ਕੀਤੀ। CIA ਟੀਮ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਸਫਲਤਾ ਹਾਸਲ ਕੀਤੀ। ਇਸ ਨੈੱਟਵਰਕ ਦੀ ਹੋਰ ਜਾਂਚ ਵੀ ਕੀਤੀ ਜਾ ਰਹੀ ਹੈ। ਇਹ ਵੀ ਸ਼ੱਕ ਹੈ ਕਿ ਇਸ ਦੇ ਸਬੰਧ ਜੇਲ੍ਹ ਵਿੱਚ ਬੈਠੇ ਕਿਸੇ ਵੱਡੇ ਗੈਂਗਸਟਰ ਨਾਲ ਹੋ ਸਕਦੇ ਹਨ।

LEAVE A REPLY

Please enter your comment!
Please enter your name here