ਜੰਡਿਆਲਾ ਗੁਰੂ ਵਿਖੇ ਦੋਸਤ ਵੱਲੋਂ ਹੀ ਦੋਸਤ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕੁੱਝ ਨੌਜਵਾਨ ਪਟਾਕੇ ਚਲਾ ਰਹੇ ਸਨ। ਪਟਾਕਿਆਂ ਤੋਂ ਬਾਅਦ ਉਕਤ ਨੌਜਵਾਨ ਨਾਜਾਇਜ਼ ਹਥਿਆਰ ਨਾਲ ਫਾਇਰਿੰਗ ਕਰਨ ਲੱਗੇ। ਇਸ ਦੌਰਾਨ ਦੋਸਤ ਕੋਲੋਂ ਹੀ ਦੂਜੇ ਦੋਸਤ ਦੇ ਗੋਲੀ ਲੱਗ ਗਈ। ਗੋਲੀ ਉਸ ਦੇ ਪੱਟ ‘ਤੇ ਵੱਜੀ, ਜਿਸ ਮਗਰੋਂ ਉਸ ਨੂੰ ਤੁਰੰਤ ਜ਼ਖਮੀ ਹਾਲਤ ‘ਚ ਹਸਪਤਾਲ ਦਾਖ਼ਲ ਕਰਾਇਆ ਗਿਆ।
ਪੁਲਸ ਤੱਕ ਵੀ ਮਾਮਲਾ ਪੁੱਜ ਗਿਆ ਪਰ ਉਕਤ ਨੌਜਵਾਨਾਂ ਵੱਲੋਂ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲਸ ਨੂੰ ਦੱਸਿਆ ਗਿਆ ਕਿ ਕਿਸੇ ਅਣਪਛਾਤੇ ਨੇ ਗੋਲੀ ਚਲਾ ਦਿੱਤੀ ਹੈ। ਜਦੋਂ ਪੁਲਸ ਨੇ ਤਫ਼ਤੀਸ਼ ਕੀਤੀ ਤਾਂ ਉਕਤ ਚਾਰੇ ਨੌਜਵਾਨ ਮੰਨ ਗਏ ਕਿ ਗੋਲੀ ਉਨ੍ਹਾਂ ਕੋਲੋਂ ਹੀ ਚੱਲੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਗੋਲੀਆਂ ਚਲਾ ਰਹੇ ਸਨ ਤਾਂ ਗਲਤੀ ਨਾਲ ਉਨ੍ਹਾਂ ਦੇ ਇਕ ਦੋਸਤ ਦੇ ਪੱਟ ‘ਚ ਗੋਲੀ ਲੱਗ ਗਈ।
ਫਿਲਹਾਲ ਪੁਲਸ ਨੇ ਕਾਰਵਾਈ ਕਰਦੇ ਹੋਏ 4 ਨੌਜਵਾਨਾਂ ‘ਤੇ ਐੱਫ. ਆਈ. ਆਰ. ਦਰਜ ਕਰਕੇ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਇਸ ਗੱਲ ਦਾ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਕਤ ਨੌਜਵਾਨਾਂ ਕੋਲ ਨਾਜਾਇਜ਼ ਹਥਿਆਰ ਕਿਵੇਂ ਪੁੱਜੇ। ਜਿਸ ਨੌਜਵਾਨ ਦੇ ਗੋਲੀ ਲੱਗੀ ਹੈ, ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।