ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੋਹਾਨਾ ‘ਚ ਮਾਮੂਲੀ ਝਗੜੇ ਨੂੰ ਲੈ ਕੇ ਨੌਜਵਾਨ ਨੇ ਤਿੰਨ ਦੋਸਤਾਂ ਉਤੇ ਟਰੈਕਟਰ ਚਾੜ੍ਹ ਦਿੱਤਾ, ਜਿਸ ਵਿਚੋਂ ਇਕ ਦੀ ਮੌਤ ਹੋ ਗਈ, ਜਦਕਿ ਦੋ ਆਪਣੀ ਜਾਨ ਬਚਾਉਣ ਵਿਚ ਸਫਲ ਰਹੇ । ਮ੍ਰਿਤਕ ਦਾ ਨਾਮ ਸੰਨੀ ਹੈ ਜੋ ਦੇਵੀਨਗਰ ਗੋਹਾਨਾ ਦਾ ਰਹਿਣ ਵਾਲਾ ਹੈ।
ਪੁਲਿਸ ਨੇ ਟਰੈਕਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕੁਝ ਸਮਾਂ ਸੜਕ ’ਤੇ ਜਾਮ ਵੀ ਲਾਇਆ।
ਜਾਣਕਾਰੀ ਮੁਤਾਬਕ ਸੰਨੀ ਆਪਣੇ ਦੋ ਦੋਸਤਾਂ ਨਾਲ ਖੇਤ ਗਿਆ ਸੀ। ਸੰਦੀਪ ਨਾਂ ਦਾ ਨੌਜਵਾਨ ਟਰੈਕਟਰ ਲੈ ਕੇ ਉਥੇ ਪਹੁੰਚ ਗਿਆ। ਇਸ ਦੌਰਾਨ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਨੂੰ ਰੋਕਿਆ ਤਾਂ ਉਸ ਨੇ ਟਰੈਕਟਰ ਚੜ੍ਹਾਉਣ ਦੀ ਧਮਕੀ ਦਿੱਤੀ।
ਇਸ ਦੌਰਾਨ ਮੁਲਜ਼ਮ ਨੇ ਤਿੰਨਾਂ ਦੋਸਤਾਂ ’ਤੇ ਟਰੈਕਟਰ ਚੜ੍ਹਾ ਦਿੱਤਾ। ਹਾਲਾਂਕਿ ਦੋ ਦੋਸਤਾਂ ਦੀ ਜਾਨ ਬਚ ਗਈ ਪਰ ਸੰਨੀ ਦੀ ਮੌਤ ਹੋ ਗਈ। ਮੁਲਜ਼ਮ ਮੌਕੇ ਉਤੇ ਟਰੈਕਟਰ ਛੱਡ ਕੇ ਫਰਾਰ ਹੋ ਗਿਆ। ਦੋਸਤਾਂ ਨੇ ਸੰਨੀ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦਿੱਤੀ।
ਗੋਹਾਨਾ ਦੇ ਡੀਸੀਪੀ ਭਾਰਤੀ ਡਾਬਾਸ ਨੇ ਦੱਸਿਆ ਕਿ ਕਿਸੇ ਤਕਰਾਰ ਕਾਰਨ ਪਿੰਡ ਬਰੌਦਾ ਦੇ ਰਹਿਣ ਵਾਲੇ ਸੰਦੀਪ ਨੇ ਤਿੰਨ ਦੋਸਤਾਂ ‘ਤੇ ਟਰੈਕਟਰ ਚੜ੍ਹਾ ਦਿੱਤਾ। ਇਸ ‘ਚ ਨੌਜਵਾਨ ਦੀ ਮੌਤ ਹੋ ਗਈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮ ਬਣਾਈ ਗਈ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।