ਮੋਗਾ: ਭਾਰਤ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸੂਬਾ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਦਿੱਤੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਪਿੰਡ ਫਤਿਹਗੜ੍ਹ ਕੋਰੋਟਾਣਾ ਦੇ ਨੰਬਰਦਾਰ ਜਗਸੀਰ ਸਿੰਘ ਪੁੱਤਰ ਜਰਨੈਲ ਸਿੰਘ ਨੂੰ ਨੰਬਰਦਾਰ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ।
ਆਪਣੇ ਹੁਕਮਾਂ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਨੇ ਲਿਖਿਆ ਹੈ ਕਿ ਨੰਬਰਦਾਰ ਜਗਸੀਰ ਸਿੰਘ ਵੱਲੋਂ ਜਲੰਧਰ ਰੋਡ ਐੱਚ.ਪੀ. ਪੈਟਰੋਲ ਪੰਪ ਦੀ ਬੈਕਸਾਈਡ ਪੈਂਦੀ ਆਪਣੀ ਜ਼ਮੀਨ ਪਿੰਡ ਫਤਿਹਗੜ੍ਹ, ਕੋਰਟਾਣਾ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ, ਜਦੋਂ ਉਸ ਨੂੰ ਪਿੰਡ ਵਾਲਿਆਂ ਨੇ ਰੋਕਿਆ ਤਾਂ ਉਹ ਨਾ ਰੁਕਿਆ।
ਉਸ ਨੇ ਆਪਣੇ ਹੋਰ ਸਾਥੀਆਂ ਨੂੰ ਵੀ ਅੱਗ ਲਗਾਉਣ ਬਾਰੇ ਕਿਹਾ। ਉਸ ਨੇ ਕਿਹਾ ਕਿ ਉਸ ਦੇ ਹੋਰ ਸਾਥੀ ਵੀ ਆਪਣੇ ਖੇਤ ‘ਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਗੇ, ਜਿਸ ’ਤੇ ਸਮੂਹ ਨਗਰ ਨਿਵਾਸੀਆਂ ਨੇ ਜਗਸੀਰ ਸਿੰਘ ਨੰਬਰਦਾਰ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ।