ਖੰਘ ਦੀ ਦਵਾਈ ਨਾਲ 18 ਬੱਚਿਆਂ ਦੀ ਮੌਤ, ਨੋਇਡਾ ‘ਚ ਸਿਰਪ ਦਾ ਉਤਪਾਦਨ ਬੰਦ

0
129

ਫਾਰਮਾਸਿਊਟੀਕਲ ਕੰਪਨੀ ਮੈਰੀਅਨ ਬਾਇਓਟੈੱਕ ਨੇ ਖੰਘ ਤੇ ਜ਼ੁਕਾਮ ਦੇ ਇਲਾਜ ਲਈ ਬਣਾਏ ਜਾਂਦੇ ਸਿਰਪ ‘ਡੌਕ-1 ਮੈਕਸ’ ਦਾ ਉਤਪਾਦਨ ਫਿਲਹਾਲ ਬੰਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਸਿਰਪ ਦੇ ਪੀਣ ਨਾਲ ਉਜ਼ਬੇਕਿਸਤਾਨ ਵਿੱਚ 18 ਬੱਚਿਆਂ ਦੀ ਕਥਿਤ ਤੌਰ ’ਤੇ ਮੌਤ ਹੋ ਗਈ ਸੀ। ਕੇਂਦਰੀ ਡਰੱਗਜ਼ ਸਟੈਂਡਰ ਕੰਟਰੋਲ ਸੰਸਥਾ ਨੇ ਇਸ ਸਬੰਧ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਜ਼ਬੇਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਡੌਕ-1 ਮੈਕਸ ਸਿਰਪ ਦੇ ਇਕ ਬੈਚ ਦੀ ਲੈਬਾਰਟਰੀ ਵਿੱਚ ਜਦੋਂ ਜਾਂਚ ਕਰਵਾਈ ਗਈ ਤਾਂ ਉਸ ਵਿੱਚ ਐਥੀਲੀਨ ਗਲਾਈਕੋਲ ਦੇ ਅੰਸ਼ ਮਿਲੇ।

ਇਸੇ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਕੰਪਨੀ ਦੇ ਖ਼ਿਲਾਫ਼ ਜਾਂਚ ਦੇ ਆਧਾਰ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਨੇ ਦੋਸ਼ ਲਾਇਆ ਹੈ ਕਿ ਦੇਸ਼ ਵਿੱਚ 18 ਬੱਚਿਆਂ ਦੀ ਮੌਤ ‘ਡੌਕ-1 ਮੈਕਸ’ ਸਿਰਪ ਪੀਣ ਨਾਲ ਹੋਈ ਹੈ।

ਦਵਾਈਆਂ ਬਣਾਉਣ ਵਾਲੀ ਕੰਪਨੀ ਮੈਰੀਅਨ ਬਾਇਓਟੈੱਕ ਦਾ ਦਫ਼ਤਰ ਨੋਇਡਾ ਵਿੱਚ ਸਥਿਤ ਹੈ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੰਪਨੀ ਵੱਲੋਂ ਬਣਾਇਆ ਜਾਣ ਵਾਲਾ ਸਿਰਪ ਭਾਰਤ ਵਿੱਚ ਨਹੀਂ ਵੇਚਿਆ ਜਾਂਦਾ ਅਤੇ ਸਿਰਫ ਉਜ਼ਬੇਕਿਸਤਾਨ ਹੀ ਭੇਜਿਆ ਜਾਂਦਾ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਮੈਰੀਅਨ ਬਾਇਓਟੈੱਕ ਕੰਪਨੀ ਨੂੰ ਡੌਕ-1 ਮੈਕਸ ਸਿਰਪ ਤੇ ਗੋਲੀਆਂ ਬਣਾਉਣ ਲਈ ਲਾਇਸੈਂਸ ਮਿਲਿਆ ਹੋਇਆ ਹੈ। ਇਸ ਲਾਇਸੈਂਸ ਉੱਤਰ ਪ੍ਰਦੇਸ਼ ਦੇ ਡਰੱਗਜ਼ ਕੰਟਰੋਲਰ ਵੱਲੋਂ ਦਿੱਤਾ ਗਿਆ ਹੈ। ਕੰਪਨੀ ਦੇ ਕਾਨੂੰਨੀ ਪ੍ਰਤੀਨਿਧ ਹਸਨ ਹੈਰਿਸ ਨੇ ਦੱਸਿਆ ਕਿ ਸਿਰਪ ਕਾਰਨ ਬੱਚਿਆਂ ਦੀ ਹੋਈ ਮੌਤ ਬਾਰੇ ਭਾਰਤ ਤੇ ਉਜ਼ਬੇਕਿਸਤਾਨ ਸਰਕਾਰਾਂ ਵੱਲੋਂ ਜਾਂਚ ਕਰਵਾਈ ਜਾ ਰਹੀ ਹੈ।

ਕੇਂਦਰੀ ਵਿਦੇਸ਼ ਮੰਤਰਾਲੇ ਅਨੁਸਾਰ ਡੌਕ-1 ਮੈਕਸ ਸਿਰਪ ਕਾਰਨ 18 ਬੱਚਿਆਂ ਦੀਆਂ ਹੋਈਆਂ ਮੌਤਾਂ ਬਾਰੇ ਉਜ਼ਬੇਕਿਸਤਾਨ ਸਰਕਾਰ ਵੱਲੋਂ ਕਰਵਾਈ ਗਈ ਜਾਂਚ ਦੇ ਵੇਰਵੇ ਲੈਣ ਲਈ ਭਾਰਤ ਸਰਕਾਰ ਨੇ ਉਜ਼ਬੇਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਉਜ਼ਬੇਕਿਸਤਾਨ ਵਿੱਚ ਮੈਰੀਅਨ ਬਾਇਓਟੈੱਕ ਕੰਪਨੀ ਦੇ ਜਿਨ੍ਹਾਂ ਪ੍ਰਤੀਨਿਧਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਨੂੰ ਵਕੀਲ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਵਿੱਚ ਭਾਰਤੀ ਮੂਲ ਦਾ ਇਕ ਵਿਅਕਤੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਫਾਰਤਖਾਨੇ ਨੇ ਉਜ਼ਬੇਕਿਸਤਾਨ ਸਰਕਾਰ ਨਾਲ ਸੰਪਰਕ ਕੀਤਾ ਹੈ ਅਤੇ ਬੱਚਿਆਂ ਦੀਆਂ ਮੌਤਾਂ ਬਾਰੇ ਕਰਵਾਈ ਗਈ ਜਾਂਚ ਦੇ ਵੇਰਵੇ ਮੰਗੇ ਹਨ।

ਇਸੇ ਦੌਰਾਨ ਤਾਸ਼ਕੰਦ ਸਥਿਤ ਭਾਰਤੀ ਸਫਾਰਤਖਾਨੇ ਨੇ ਬਿਆਨ ਜਾਰੀ ਕੀਤਾ ਹੈ ਕਿ ਭਾਰਤ ਅਤੇ ਉਜ਼ਬੇਕਿਸਤਾਨ ਵਿਚਾਲੇ ਸਿਹਤ ਦੇਖਰੇਖ ਤੇ ਫਾਰਮਾਸਿਊਟੀਕਲ ਖੇਤਰਾਂ ਵਿੱਚ ਆਪਸੀ ਸਹਿਯੋਗ ਜਾਰੀ ਰਹੇਗਾ। ਸਫਾਰਤਖਾਨੇ ਨੇ ਡੌਕ-1 ਮੈਕਸ ਸਿਰਪ ਕਾਰਨ ਦਮ ਤੋੜਨ ਵਾਲੇ ਬੱਚਿਆਂ ਦੇ ਪਰਿਵਾਰ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਗਾਂਬੀਆ ਵਿੱਚ 66 ਬੱਚਿਆਂ ਦੀ ਮੌਤ ਨਾਲ ਸਬੰਧਤ ਖੰਘ ਤੇ ਜ਼ੁਕਾਮ ਦੀਆਂ ਚਾਰ ਦਵਾਈਆਂ ਬਾਰੇ ਵਿਸ਼ਵ ਸਿਹਤ ਸੰਸਥਾ ਨੇ ਅਕਤੂਬਰ ਮਹੀਨੇ ਵਿੱਚ ਚਿਤਾਵਨੀ ਜਾਰੀ ਕੀਤੀ ਸੀ। ਇਨ੍ਹਾਂ ਦਵਾਈਆਂ ਦਾ ਉਤਪਾਦਨ ਵੀ ਭਾਰਤ ਵਿੱਚ ਹੋਇਆ ਸੀ। ਇਨ੍ਹਾਂ ਦਵਾਈਆਂ ਦੇ ਸੈਂਪਲਾਂ ਵਿੱਚ ਡਾਇਥਾਈਲੀਨ ਗਲਾਈਕੋਲ ਤੇ ਇਥਾਈਲ ਗਲਾਈਕੋਲ ਵੱਡੇ ਪੱਧਰ ’ਤੇ ਪਾਈ ਗਈ ਸੀ ਜਿਸ ਕਾਰਨ ਮਨੁੱਖੀ ਸਰੀਰ ਦੇ ਗੁਰਦਿਆਂ ’ਤੇ ਮਾੜਾ ਅਸਰ ਪੈਂਦਾ ਹੈ।

LEAVE A REPLY

Please enter your comment!
Please enter your name here