ਅਫਗਾਨਿਸਤਾਨ ਦੇ ਤਾਲਿਬਾਨ ਅਧਿਕਾਰੀਆਂ ਨੇ ਲੜਕੀਆਂ ਅਤੇ ਔਰਤਾਂ ਲਈ ਯੂਨੀਵਰਸਿਟੀ ਸਿੱਖਿਆ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧ ਵਿਚ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਅਫਗਾਨ ਲੜਕੀਆਂ ਅਤੇ ਔਰਤਾਂ ਲਈ ਯੂਨੀਵਰਸਿਟੀ ਸਿੱਖਿਆ ‘ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾਈ ਗਈ ਹੈ। ਉਚੇਰੀ ਸਿੱਖਿਆ ਮੰਤਰਾਲੇ ਨੇ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਜਾਰੀ ਕੀਤੇ ਹੁਕਮਾਂ ਵਿੱਚ ਕਿਹਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਗਲੇ ਨੋਟਿਸ ਤੱਕ ਔਰਤਾਂ ਦੀ ਸਿੱਖਿਆ ਨੂੰ ਮੁਅੱਤਲ ਕਰਨ ਲਈ ਦਿੱਤੇ ਹੁਕਮਾਂ ਨੂੰ ਲਾਗੂ ਕੀਤਾ ਜਾਵੇ।
ਜਾਰੀ ਕੀਤੇ ਪੱਤਰ ‘ਤੇ ਉਚੇਰੀ ਸਿੱਖਿਆ ਮੰਤਰੀ ਨੇਦਾ ਮੁਹੰਮਦ ਨਦੀਮ ਦੇ ਦਸਤਖਤ ਵੀ ਹਨ। ਮੰਤਰਾਲੇ ਦੇ ਬੁਲਾਰੇ ਜ਼ਿਆ ਉੱਲਾ ਹਾਸ਼ਿਮੀ, ਜਿਨ੍ਹਾਂ ਨੇ ਇਹ ਪੱਤਰ ਟਵਿੱਟਰ ‘ਤੇ ਪੋਸਟ ਕੀਤਾ ਹੈ, ਉਨ੍ਹਾਂ ਨੇ ਇਸ ਆਦੇਸ਼ ਦੀ ਪੁਸ਼ਟੀ ਕੀਤੀ ਹੈ। ਮੀਡੀਆ ਰਿਪੋਰਟ ਅਨੁਸਾਰ ਅਫਗਾਨਿਸਤਾਨ ਵਿੱਚ ਤਿੰਨ ਮਹੀਨੇ ਪਹਿਲਾਂ ਯੂਨੀਵਰਸਿਟੀ ਦੀ ਪ੍ਰਵੇਸ਼ ਪ੍ਰੀਖਿਆ ਲਈ ਗਈ ਸੀ, ਜਿਸ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਲੜਕੀਆਂ ਅਤੇ ਔਰਤਾਂ ਨੇ ਭਾਗ ਲਿਆ ਸੀ। ਇਨ੍ਹਾਂ ‘ਚੋਂ ਕਈ ਲੜਕੀਆਂ ਨੇ ਇੰਜੀਨੀਅਰਿੰਗ, ਮੈਡੀਕਲ ਖੇਤਰ ‘ਚ ਆਪਣਾ ਕਰੀਅਰ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ‘ਚ ਇਸਲਾਮਿਕ ਕੱਟੜਪੰਥੀਆਂ ਨੇ ਅਫਗਾਨਿਸਤਾਨ ‘ਤੇ ਸੱਤਾ ਹਾਸਲ ਕਰ ਲਈ ਸੀ। ਉਦੋਂ ਤੋਂ ਹੀ ਔਰਤਾਂ ਦੀ ਸਿੱਖਿਆ ਅਤੇ ਆਜ਼ਾਦੀ ਵਿੱਚ ਰੁਕਾਵਟ ਆਈ ਸੀ। ਅਫਗਾਨਿਸਤਾਨ ਵਿੱਚ ਔਰਤਾਂ ਉੱਤੇ ਕਈ ਪਾਬੰਦੀਆਂ ਲਾਈਆਂ ਗਈਆਂ ਸਨ। ਇਸ ਦੇ ਨਾਲ ਹੀ ਯੂਨੀਵਰਸਿਟੀ ਵਿੱਚ ਲੜਕੀਆਂ ਲਈ ਵੱਖਰੀਆਂ ਜਮਾਤਾਂ, ਦਾਖ਼ਲੇ ਦੇ ਵੱਖਰੇ ਨਿਯਮ ਲਾਗੂ ਕੀਤੇ ਗਏ।