NIA ਨੇ ਤਰਨਤਾਰਨ ‘ਚ ਹੋਏ ਬੰਬ ਧਮਾਕੇ ਦੇ ਮੁੱਖ ਸਾਜ਼ਿਸ਼ਕਰਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ NIA ਨੇ ਪੰਜਾਬ ਦੇ ਤਰਨਤਾਰਨ ਵਿੱਚ 2019 ਵਿੱਚ ਹੋਏ ਬੰਬ ਧਮਾਕੇ ਦੇ ਮੁੱਖ ਸਾਜ਼ਿਸ਼ਕਰਤਾ ਬਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਬਿਕਰਮਜੀਤ ਸਿੰਘ ਨੂੰ ਵਿਆਨਾ ਤੋਂ ਹਵਾਲਗੀ ਕਰ ਕੇ ਵੀਰਵਾਰ ਨੂੰ ਦਿੱਲੀ ਲਿਆਂਦਾ ਗਿਆ ਤੇ NIA ਨੇ ਮੁਲਜ਼ਮ ਨੂੰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਫਰਨੀਚਰ ਹਾਊਸ ‘ਚ ਲੱਗੀ ਭਿਆਨਕ ਅੱਗ, ASI ਸਮੇਤ 10 ਲੋਕ ਝੁਲਸੇ
ਬੁਲਾਰੇ ਨੇ ਦੱਸਿਆ ਕਿ ਮੋਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਉਸ ਵਿਰੁੱਧ ਜਾਰੀ ਕੀਤੇ ਰੈੱਡ ਕਾਰਨਰ ਨੋਟਿਸ ਦੇ ਆਧਾਰ ‘ਤੇ ਉਸ ਨੂੰ 22 ਮਾਰਚ, 2021 ਨੂੰ ਆਸਟਰੀਆ ਦੇ ਲਿਨਜ਼ ਸ਼ਹਿਰ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। NIA ਅਧਿਕਾਰੀ ਨੇ ਕਿਹਾ ਕਿ ਲਿੰਜ਼ ਦੀ ਖੇਤਰੀ ਅਦਾਲਤ ਨੇ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਸ ਦੀ ਹਵਾਲਗੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੁਲਿਸ ਨੇ ਪਿੰਡ ਕਕਰਾਲੀ ਤੋਂ ਲਾਪਤਾ ਹੋਏ 4 ਬੱਚਿਆਂ ‘ਚੋਂ 3 ਕੀਤੇ ਬਰਾਮਦ
ਏਜੰਸੀ ਨੇ ਬੰਬ ਧਮਾਕੇ ਵਿੱਚ ਕਥਿਤ ਸ਼ਮੂਲੀਅਤ ਲਈ ਨੌਂ ‘ਖਾਲਿਸਤਾਨ ਪੱਖੀ’ ਨੌਜਵਾਨਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ, ਜਿਨ੍ਹਾਂ ਵਿਚੋਂ ਦੋ ਵਿਅਕਤੀ ਜੋ ਇਸ ਦਹਿਸ਼ਤੀ ਸਾਜ਼ਿਸ਼ ਵਿੱਚ ਸ਼ਾਮਿਲ ਸਨ ਮਾਰੇ ਗਏ ਸਨ। ਚਾਰਜਸ਼ੀਟ ਵਿੱਚ ਸ਼ਾਮਿਲ ਵਿਅਕਤੀਆਂ ਵਿੱਚ ਬਿਕਰਮਜੀਤ ਸਿੰਘ, ਮੱਸਾ ਸਿੰਘ, ਹਰਜੀਤ ਸਿੰਘ, ਗੁਰਜੰਟ ਸਿੰਘ ਅਤੇ ਮਨਪ੍ਰੀਤ ਸਿੰਘ ਸਾਰੇ ਵਾਸੀ ਤਰਨਤਾਰਨ, ਚੰਨਦੀਪ ਸਿੰਘ ਗੁਰਦਾਸਪੁਰ, ਮਲਕੀਤ ਸਿੰਘ ਅਤੇ ਅਮਰਜੀਤ ਸਿੰਘ ਅੰਮ੍ਰਿਤਸਰ ਅਤੇ ਇਕ ਨਾਬਾਲਗ ਸੀ। ਇਸ ਮਾਮਲੇ ਵਿੱਚ ਐਨਆਈਏ ਨੇ 23 ਸਤੰਬਰ 2019 ਨੂੰ ਮੁੜ ਕੇਸ ਦਰਜ ਕੀਤਾ ਸੀ।
ਜ਼ਿਕਰਯੋਗ ਹੈ ਕਿ 4 ਸਤੰਬਰ 2019 ਨੂੰ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਦੇ ਬਾਹਰਵਾਰ ਇੱਕ ਖਾਲੀ ਜ਼ਮੀਨ ‘ਤੇ ਇੱਕ ਜ਼ਬਰਦਸਤ ਧਮਾਕਾ ਹੋਇਆ ਸੀ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ।