ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਏ ਭਾਰਤ ਸਰਕਾਰ : ਐਡਵੋਕੇਟ ਧਾਮੀ

0
32

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸਬੰਧੀ ਸਰਕਾਰ ਵੱਲੋਂ ਐਲਾਨੇ ਗਏ ਵੀਰ ਬਾਲ ਦਿਵਸ ਦੀ ਥਾਂ ਇਸ ਦਿਹਾੜੇ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਉਣ ਦੀ ਮੰਗ ਕੀਤੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਇਸੇ ਸਾਲ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ ਹੈ, ਜਦਕਿ ਇਹ ਨਾਮ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਦੀ ਭਾਵਨਾ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਐਲਾਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਵਿਦਵਾਨਾਂ ਦੀ ਇਕ ਕਮੇਟੀ ਬਣਾਈ ਗਈ ਸੀ, ਜਿਸ ਨੇ ਵੀਰ ਬਾਲ ਦਿਵਸ ਦੀ ਥਾਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਨਾਮ ਸੁਝਾਇਆ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਇਕ ਮਤਾ ਵੀ ਪਾਸ ਕੀਤਾ ਹੈ, ਜਿਸ ਤਹਿਤ ਪਹਿਲਾਂ ਵੀ ਸਰਕਾਰ ਨੂੰ ਅਪੀਲ ਕੀਤੀ ਜਾ ਚੁੱਕੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸੇ ਮਹੀਨੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ, ਜੋ ਸਿੱਖ ਇਤਿਹਾਸ ਦੀ ਭਾਵਨਾ ਅਨੁਸਾਰ ਹੀ ਮਨਾਇਆ ਜਾਣਾ ਚਾਹੀਦਾ ਹੈ। ਇਸ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਨੋਟੀਫਿਕੇਸ਼ਨ ਵਿਚ ਸੋਧ ਕੀਤੀ ਜਾਵੇ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਨਹੀਂ, ਸਗੋਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਐਲਾਨਿਆ ਜਾਵੇ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨੂੰ ਵੀ ਇਸ ਸੰਜੀਦਾ ਮਾਮਲੇ ’ਤੇ ਆਪਣੀ ਜ਼ੁੰੰਮੇਵਾਰੀ ਨਿਭਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਸ. ਲਾਲਪੁਰਾ ਨੂੰ ਇਲਜ਼ਾਮਬਾਜ਼ੀਆਂ ਛੱਡ ਕੇ ਆਪਣੇ ਅਹੁਦੇ ਦੀ ਮਰਯਾਦਾ ਅਨੁਸਾਰ ਘੱਟਗਿਣਤੀਆਂ ਦੇ ਮਾਮਲੇ ਸਰਕਾਰ ਪਾਸ ਉਠਾਉਣੇ ਚਾਹੀਦੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਸ. ਲਾਲਪੁਰਾ ਵੱਲੋਂ ਸੋਸ਼ਲ ਮੀਡੀਆ ’ਤੇ ਇਹ ਪ੍ਰਚਾਰ ਕਰਨਾ ਗਲਤ ਹੈ ਕਿ ਸਾਹਿਬਜ਼ਾਦਿਆਂ ਦੀ ਯਾਦ ’ਚ ਪਿਛਲੇ 318 ਸਾਲਾਂ ਅੰਦਰ ਕੋਈ ਵੀ ਵਿਦਿਅਕ ਅਦਾਰਾ ਨਹੀਂ ਖੋਲ੍ਹਿਆ ਗਿਆ। ਉਨ੍ਹਾਂ ਕਿਹਾ ਕਿ ਘੱਟਗਿਣਤੀਆਂ ਦੀ ਨੁਮਾਇੰਦਗੀ ਕਰਨ ਵਾਲੇ ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਨੂੰ ਤੱਥ ਰਹਿਤ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ।

ਐਡਵੋਕੇਟ ਧਾਮੀ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਸਿੱਖ ਇਤਿਹਾਸ ਦੇ ਨਾਇਕ ਹਨ, ਜਿਨ੍ਹਾਂ ਨੇ ਮਾਨਵਤਾ ਵਿਰੁੱਧ ਜੁਲਮ ਨੂੰ ਠੱਲ੍ਹਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ। ਇਨ੍ਹਾਂ ਮਹਾਨ ਸ਼ਹੀਦਾਂ ਦੇ ਨਾਂ ’ਤੇ ਸਤਿਕਾਰ ਵਜੋਂ ਸ਼੍ਰੋਮਣੀ ਕਮੇਟੀ ਵੱਲੋਂ ਕਈ ਵਿਦਿਅਕ ਅਦਾਰੇ ਚਲਾਏ ਜਾ ਰਹੇ ਹਨ। ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਦੇ ਨਾਂ ’ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮੇਂ ਤੋਂ ਬਣਿਆ ਟਰੱਸਟ ਚੱਲ ਰਿਹਾ ਹੈ, ਜਿਸ ਅਧੀਨ ਸਾਹਿਬਜ਼ਾਦਿਆਂ ਦੇ ਨਾਂ ’ਤੇ ਤਿੰਨ ਵਿਦਿਅਕ ਅਦਾਰੇ ਹਨ। ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੀ 65 ਸਾਲ ਪੁਰਾਣੀ ਖੁਦਮੁਖਤਿਆਰ ਵਿਦਿਅਕ ਸੰਸਥਾ ਮਾਤਾ ਗੁਜਰੀ ਕਾਲਜ ਪੂਰੇ ਸੂਬੇ ਅੰਦਰ ਮੋਹਰੀ ਹੈ, ਜਿਸ ਵਿਚ 70 ਦੇ ਕਰੀਬ ਵੱਖ-ਵੱਖ ਕੋਰਸ ਚੱਲ ਰਹੇ ਹਨ।

ਇਸੇ ਤਰ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਮਾਹਿਲਪੁਰ ਹੁਸ਼ਿਆਰਪੁਰ, ਪਰਿਵਾਰ ਵਿਛੋੜਾ ਪਬਲਿਕ ਸਕੂਲ ਸਰਸਾ ਨੰਗਲ ਰੋਪੜ, ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਪਬਲਿਕ ਸਕੂਲ ਗੁਰੂ ਕਾ ਬਾਗ ਅੰਮ੍ਰਿਤਸਰ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਕਪੂਰਥਲਾ, ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸਕੂਲ ਕੋਟ ਧਰਮੂ ਮਾਨਸਾ, ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਬਜੀਦਪੁਰ ਫਿਰੋਜ਼ਪੁਰ, ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਜਲੰਧਰ ਅਤੇ ਮਾਤਾ ਗੁਜਰੀ ਪਬਲਿਕ ਸਕੂਲ ਥੇਹੜੀ ਸਾਹਿਬ ਸ੍ਰੀ ਮੁਕਤਸਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿਚ ਸਥਾਪਤ ਹਨ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਸਾਰੇ ਵਿਦਿਅਕ ਅਦਾਰਿਆਂ ਵਿਚ ਹਰ ਸਾਲ ਸ਼ਹੀਦੀ ਹਫਤੇ ਮੌਕੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਹਨ, ਜਿਸ ਲਈ ਬਕਾਇਦਾ ਸਰਕੂਲਰ ਜਾਰੀ ਹੁੰਦਾ ਹੈ। ਇਸ ਤੋਂ ਇਲਾਵਾ ਹੋਰਨਾਂ ਸੰਸਥਾਵਾਂ ਵੱਲੋਂ ਵੀ ਸਾਹਿਬਜ਼ਾਦਿਆਂ ਦੇ ਨਾਂ ’ਤੇ ਕਈ ਸੰਸਥਾਵਾਂ ਬਣੀਆਂ ਹੋਈਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸ. ਲਾਲਪੁਰਾ ਨੂੰ ਇਕ ਜ਼ੁੰਮੇਵਾਰ ਅਹੁਦੇ ’ਤੇ ਹੁੰਦਿਆਂ ਅਜਿਹੀ ਮਨਘੜਤ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ, ਜਿਸ ਨਾਲ ਸਿੱਖਾਂ ਦੇ ਅਕਸ ਨੂੰ ਢਾਹ ਲਗਦੀ ਹੋਵੇ।

 

LEAVE A REPLY

Please enter your comment!
Please enter your name here