ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਨੂੰ ਜਲਦ ਹੀ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਸਕਦਾ ਹੈ। ਮੀਡੀਆ ਰਿਪੋਰਟ ਅਨੁਸਾਰ ਅਮਰੀਕਾ ਦੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਇਸ ਸਬੰਧੀ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਹੈ।
ਗੋਲਡੀ ਬਰਾੜ ਬਾਰੇ ਐਫਬੀਆਈ ਨੇ ਵਿਦੇਸ਼ ਮੰਤਰਾਲੇ ਰਾਹੀਂ ਪੰਜਾਬ ਪੁਲਿਸ ਨਾਲ ਸੰਪਰਕ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਸਾਜ਼ਿਸ਼ਕਰਤਾ ਗੋਲਡੀ ਨਾਲ ਸਬੰਧਤ ਹੋਰ ਜਾਣਕਾਰੀ ਮੰਗੀ ਹੈ। ਗੋਲਡੀ ਬਰਾੜ ਨੂੰ ਸੈਕਰਾਮੈਂਟੋ ਸਿਟੀ, ਕੈਲੀਫੋਰਨੀਆ ਤੋਂ ਫੜਿਆ ਗਿਆ ਸੀ।
ਮੁੱਖ ਮੰਤਰੀ ਮਾਨ ਨੇ ਵੀ ਇਸਦੀ ਪੁਸ਼ਟੀ ਕੀਤੀ ਸੀ ਕਿ ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇਗਾ। ਇਸ ਦੇ ਨਾਲ ਹੀ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ‘ਤੇ ਭਰੋਸਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਠੋਸ ਸੂਚਨਾ ਹੈ ਕਿ ਬਰਾੜ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸੀਐਮ ਮਾਨ ਦਾ ਬਿਆਨ ਗੁੰਮਰਾਹਕੁੰਨ ਹੈ। ਉਨ੍ਹਾਂ ਸੁਆਲ ਕੀਤਾ ਕਿ ਕੀ ਡੀਜੀਪੀ ਇਸ ਗੱਲ ਦੀ ਪੁਸ਼ਟੀ ਕਰਨਗੇ ਕਿ ਬਰਾੜ ਅਮਰੀਕਾ ਵਿੱਚ ਫੜਿਆ ਗਿਆ ਹੈ। ਜੇਕਰ ਉਹ ਸੱਚਮੁੱਚ ਫੜਿਆ ਗਿਆ ਹੈ ਤਾਂ ਇਸ ਨੂੰ ਜਨਤਕ ਕੀਤਾ ਜਾਵੇ।
ਪੰਜਾਬ ਪੁਲਿਸ ਤੇ ਭਾਰਤ ਦੀਆਂ ਕੇਂਦਰੀ ਏਜੰਸੀਆਂ ਗੋਲਡੀ ਬਰਾੜ ਦੀ ਹਵਾਲਗੀ ਸਬੰਧੀ ਅਮਰੀਕੀ ਏਜੰਸੀ ਐਫਬੀਆਈ ਦੇ ਇਸ ਸੰਚਾਰ ਨੂੰ ਵੱਡੀ ਕਾਮਯਾਬੀ ਮੰਨ ਰਹੀਆਂ ਹਨ।
ਉਹ 2017 ਤੋਂ ਕੈਨੇਡਾ ਵਿੱਚ ਸੀ ਅਤੇ ਹਾਲ ਹੀ ਵਿਚ ਕਾਨੂੰਨੀ ਕਾਰਵਾਈ ਅਤੇ ਵਿਰੋਧੀ ਗਰੋਹਾਂ ਦੇ ਡਰੋਂ ਅਮਰੀਕਾ ਭੱਜ ਗਿਆ ਸੀ। ਉਸ ਨੂੰ 20 ਨਵੰਬਰ ਦੇ ਕਰੀਬ ਹਿਰਾਸਤ ਵਿਚ ਲਿਆ ਗਿਆ ਸੀ। ਗੋਲਡੀ ਬਰਾੜ ਨੇ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ ਅਤੇ ਫੇਸਬੁੱਕ ਪੋਸਟ ਰਾਹੀਂ ਇਸ ਦੀ ਜ਼ਿੰਮੇਵਾਰੀ ਵੀ ਲਈ ਸੀ।