ਅੰਬਾਲਾ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅੰਬਾਲਾ ਵਿਚ 2 ਸਾਲ ਦੇ ਮਾਸੂਮ ਦੀ ਟਰੱਕ ਦੇ ਟਾਇਰ ਹੇਠਾਂ ਆਉਣ ਨਾਲ ਮੌਤ ਹੋ ਗਈ। ਦੁਰਘਟਨਾ ਦੇ ਸ਼ਿਕਾਰ ਹੋਏ ਬੱਚੇ ਨੂੰ ਉਸ ਦੀ ਮਾਂ ਦਵਾਈ ਦਿਵਾਉਣ ਲਈ ਅੰਬਾਲਾ ਸਿਟੀ ਆਈ ਸੀ। ਇਥੇ ਕਾਲਕਾ ਚੌਕ ‘ਤੇ ਜਿਵੇਂ ਹੀ ਮਹਿਲਾ ਰੋਡਵੇਜ਼ ਦੀ ਬੱਸ ਤੋਂ ਹੇਠਾਂ ਉਤਰੀ ਤਾਂ ਟਰੱਕ ਦੀ ਲਪੇਟ ਵਿਚ ਆ ਗਈ। ਮਹਿਲਾ ਸੜਕ ਕਿਨਾਰੇ ਜਾ ਡਿੱਗੀ ਤੇ ਬੱਚਾ ਟਰੱਕ ਹੇਠਾਂ ਆ ਗਿਆ।
ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਹਾਊਸ ‘ਚ ਰਖਵਾਇਆ। ਦੂਜੇ ਪਾਸੇ ਔਰਤ ਨੂੰ ਜ਼ਖਮੀ ਹਾਲਤ ‘ਚ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਬਲਦੇਵ ਨਗਰ ਥਾਣਾ ਇੰਚਾਰਜ ਗੌਰਵ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਔਰਤ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ।