ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀ ਕਿ ਪੰਜਾਬੀ ਭਾਸ਼ਾ ਨੂੰ ਮਹੱਤਤਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਵੀ ਪੰਜਾਬੀ ਭਾਸ਼ਾ ਨੂੰ ਆਪਣੇ ਜੀਵਨ-ਜਾਚ ਦਾ ਅਨਿੱਖੜਵਾਂ ਅੰਗ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਇਸ ਦੁਰਲੱਭ ਸਰਮਾਏ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਇਸ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਾਇਮ ਰੱਖਣਾ ਚਾਹੀਦਾ ਹੈ।
CM ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਆਪਣੀ ਭਾਸ਼ਾ, ਸੱਭਿਆਚਾਰ ਅਤੇ ਰਵਾਇਤਾਂ ‘ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਇਸ ਨੇਕ ਕਾਰਜ ਲਈ ਮਾਰਗਦਰਸ਼ਨ ਕਰਨਾ ਚਾਹੀਦਾ ਹੈ। ਇਸੇ ਤਹਿਤ ਪੰਜਾਬੀ ਭਾਸ਼ਾ ਪ੍ਰਤੀ ਪਟਿਆਲਾ ਪੁਲਿਸ ਵਲੋਂ ਪਹਿਲਕਦਮੀ ਕੀਤੀ ਗਈ ਹੈ ਜਿਸ ਤਹਿਤ ਹੁਣ ਵਰਦੀ ‘ਤੇ ਅੰਗਰੇਜ਼ੀ ਦੀ ਬਜਾਏ ਪੰਜਾਬੀ ‘ਚ ਨਾਮ ਲਿਖਵਾਉਣੇ ਸ਼ੁਰੂ ਕਰ ਦਿੱਤੇ ਹਨ।
ਪੰਜਾਬੀ ਭਾਸ਼ਾ ਨੂੰ ਹਰ ਮਹਿਕਮੇ ਵਿਚ ਪੂਰਨ ਤੌਰ ‘ਤੇ ਲਾਗੂ ਕਰਨ ਤਹਿਤ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਵਰਦੀ ‘ਤੇ ਆਪਣੀ ਨੇਮ ਪਲੇਟ ਪੰਜਾਬੀ ‘ਚ ਲਾਉਣੀ ਸ਼ੁਰੂ ਕੀਤੀ। ਜਿਨ੍ਹਾਂ ਤੋਂ ਬਾਅਦ ਪੁਲਸ ਮਹਿਕਮੇ ਦੇ ਹੋਰ ਮੁਲਾਜਮਾਂ ਨੇ ਵੀ ਪੰਜਾਬੀ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਮਾਂ ਬੋਲੀ ਸਾਡੇ ਲਈ ਸਭ ਤੋਂ ਪਹਿਲਾਂ ਹੈ, ਸਰਕਾਰ ਵਲੋਂ ਲਏ ਗਏ ਫੈਸਲੇ ਅਨੁਸਾਰ ਪੰਜਾਬੀ ਭਾਸ਼ਾ ਨੂੰ ਹਰ ਪੱਧਰ ‘ਤੇ ਲਾਗੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਪੰਜਾਬੀ ਭਾਸ਼ਾ ਨੂੰ ਮਹੱਤਵ ਦਿੰਦੇ ਹੋਏ ਪੰਜਾਬੀ ਭਾਸ਼ਾ ‘ਚ ਵਰਦੀ ‘ਤੇ ਨਾਂ ਲਿਖਵਾਉਣ ਵਾਲੇ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਸਾਡਾ ਮਾਣ ਹੈ, ਐੱਸਐੱਸਪੀ ਵਰੁਣ ਸ਼ਰਮਾ ਦੀ ਪਹਿਲਕਦਮੀ ਦੇ ਚਲਦਿਆਂ ਉਨ੍ਹਾਂ ਨੇ ਵੀ ਆਪਣਾ ਨਾਂ ਪੰਜਾਬੀ ‘ਚ ਲਿਖਵਾਇਆ ਹੈ।