ਓਡੀਸ਼ਾ ‘ਚ ਇੱਕ ਭਿਆਨਕ ਰੇਲ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਓਡੀਸ਼ਾ ਵਿੱਚ ਅੱਜ ਸਵੇਰੇ ਇੱਕ ਰੇਲ ਹਾਦਸਾ ਵਾਪਰ ਗਿਆ। ਇੱਥੇ ਜਾਜਪੁਰ ਜ਼ਿਲੇ ਦੇ ਕੋਰੇਈ ਸਟੇਸ਼ਨ ‘ਤੇ, ਇਕ ਮਾਲ ਗੱਡੀ ਯਾਤਰੀ ਵੇਟਿੰਗ ਰੂਮ ਨਾਲ ਟਕਰਾ ਗਈ। ਇਸ ਦੌਰਾਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ। ਕਈ ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਈਸਟ ਕੋਸਟ ਰੇਲਵੇ ਦੇ ਅਧੀਨ ਕੋਰਈ ਸਟੇਸ਼ਨ ‘ਤੇ ਅੱਜ ਤੜਕੇ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਮਾਲ ਗੱਡੀ ਦੇ ਡੱਬੇ ਪਲੇਟਫਾਰਮ ‘ਤੇ ਬਣੇ ਵੇਟਿੰਗ ਹਾਲ ਤੱਕ ਪਹੁੰਚ ਗਏ।
ਇਹ ਵੀ ਪੜ੍ਹੋ: ਭਾਰਤ-ਪਾਕਿ ਸਰਹੱਦ ਤੋਂ 25 ਕਿਲੋਮੀਟਰ ਦੇ ਦਾਇਰੇ ਅੰਦਰ ਡਰੋਨ ਉਡਾਉਣ ’ਤੇ ਲਗਾਈ ਪਾਬੰਦੀ
ਇਸ ਦੌਰਾਨ ਦੋ ਯਾਤਰੀ ਇਸ ਦੀ ਲਪੇਟ ‘ਚ ਆ ਗਏ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕੁਝ ਰਿਪੋਰਟਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਦੱਸੀ ਗਈ ਹੈ। ਰੇਲਵੇ ਮੁਤਾਬਕ ਹਾਦਸੇ ਕਾਰਨ ਦੋ ਰੇਲ ਲਾਈਨਾਂ ਜਾਮ ਹੋ ਗਈਆਂ। ਸਟੇਸ਼ਨ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ। ਰਾਹਤ ਟੀਮਾਂ ਤੇ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਦੁਖੀ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਪੀੜਤਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਜ਼ਖ਼ਮੀਆਂ ਦਾ ਢੁੱਕਵਾਂ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਮੰਤਰੀ ਪ੍ਰਮਿਲਾ ਮਲਿਕ ਨੂੰ ਮੌਕੇ ‘ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਕਿਹਾ ਹੈ।