ਗੁਜਰਾਤ ‘ਚ ਪੁਲ ਟੁੱਟਣ ਨਾਲ ਵਾਪਰਿਆ ਭਿਆਨਕ ਹਾਦਸਾ, 132 ਲੋਕਾਂ ਦੀ ਮੌਤ

0
170

ਗੁਜਰਾਤ ‘ਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿਚ ਬੀਤੀ ਸ਼ਾਮ ਮੱਛੂ ਨਦੀ ‘ਤੇ ਬਣਿਆ ਤਾਰਾਂ ਵਾਲਾ ਪੁਲ ਟੁੱਟਣ ਕਰਕੇ ਘੱਟੋ-ਘੱਟ 132 ਵਿਅਕਤੀ ਹਲਾਕ ਹੋ ਗਏ। ਮ੍ਰਿਤਕਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ।

ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਣ ਦੇ ਅਸਾਰ ਹਨ, ਕਿਉਂਕਿ ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਤੇ ਕਈ ਅਜੇ ਵੀ ਲਾਪਤਾ ਹਨ। ਸਦੀ ਪੁਰਾਣੇ ਪੁਲ ਨੂੰ ਮੁਰੰਮਤ ਲਈ ਸੱਤ ਮਹੀਨੇ ਬੰਦ ਰੱਖਣ ਮਗਰੋਂ ਚਾਰ ਦਿਨ ਪਹਿਲਾਂ ਹੀ ਖੋਲ੍ਹਿਆ ਗਿਆ ਸੀ।

ਪੁਲਿਸ, ਸਥਾਨਕ ਪ੍ਰਸ਼ਾਸਨ, ਐਸਡੀਆਰਐਫ, ਭਾਰਤੀ ਤੱਟ ਰੱਖਿਅਕ ਅਤੇ ਫਾਇਰ ਬ੍ਰਿਗੇਡ, ਸੈਨਾ, ਜਲ ਸੈਨਾ ਅਤੇ ਐਨਡੀਆਰਐਫ ਵੱਲੋਂ ਲਗਾਤਾਰ ਬਚਾਅ ਕਾਰਜ ਕੀਤੇ ਜਾ ਰਹੇ ਹਨ।ਇਸ ਹਾਦਸੇ ਵਿੱਚ ਹੁਣ ਤੱਕ 132 ਮੌਤਾਂ ਦੀ ਪੁਸ਼ਟੀ ਹੋ ​​ਚੁੱਕੀ ਹੈ। 177 ਲੋਕਾਂ ਨੂੰ ਬਚਾਇਆ ਗਿਆ ਅਤੇ 19 ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਹੈਰੀਟੇਜ ਬ੍ਰਿਜ ਨੂੰ ਸਿਰਫ਼ 4 ਦਿਨ ਪਹਿਲਾਂ ਮੁਰੰਮਤ ਤੋਂ ਬਾਅਦ ਲੋਕਾਂ ਲਈ ਮੁੜ ਖੋਲ੍ਹਿਆ ਗਿਆ ਸੀ। ਐਤਵਾਰ ਸ਼ਾਮ ਨੂੰ ਇਸ ਬ੍ਰਿਜ ਉਤੇ ਲਗਭਗ 400 ਲੋਕ ਮੌਜੂਦ ਸਨ। ਫਿਰ ਇਹ ਟੁੱਟ ਗਿਆ ਅਤੇ ਸੈਂਕੜੇ ਲੋਕ ਨਦੀ ਵਿੱਚ ਡਿੱਗ ਗਏ। ਖੋਜ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ। ਭਾਰਤੀ ਫੌਜ ਰਾਤ ਕਰੀਬ ਤਿੰਨ ਵਜੇ ਇੱਥੇ ਪਹੁੰਚੀ ਸੀ। ਫੌਜ ਦੇ ਮੇਜਰ ਗੌਰਵ ਨੇ ਕਿਹਾ ਕਿ ਅਸੀਂ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। NDRF ਦੀਆਂ ਟੀਮਾਂ ਵੀ ਬਚਾਅ ਕਾਰਜ ਚਲਾ ਰਹੀਆਂ ਹਨ।

ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਰਾਜ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨਾਲ ਮੋਰਬੀ ਵਿੱਚ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ। ਜ਼ਖਮੀਆਂ ਦਾ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ ਅਤੇ ਕਈਆਂ ਨੂੰ ਇਲਾਜ ਤੋਂ ਬਾਅਦ ਉਨ੍ਹਾਂ ਦੇ ਘਰਾਂ ਨੂੰ ਵੀ ਭੇਜ ਦਿੱਤਾ ਗਿਆ ਹੈ।

ਗੁਜਰਾਤ ਦੇ ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਮੋਰਬੀ ਜ਼ਿਲ੍ਹਾ ਕੁਲੈਕਟਰ ਦਫ਼ਤਰ ਵਿੱਚ ਰਾਜ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ, ਪ੍ਰਸ਼ਾਸਨਿਕ ਪ੍ਰਣਾਲੀ ਦੇ ਅਧਿਕਾਰੀਆਂ, ਪੁਲਿਸ ਪ੍ਰਣਾਲੀ, ਸਿਹਤ ਸੰਭਾਲ ਪ੍ਰਣਾਲੀ ਦੇ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ ਗਈ। ਹਾਦਸੇ ਦੀ ਸਥਿਤੀ ਦਾ ਵਿਆਪਕ ਜਾਇਜ਼ਾ ਲਿਆ ਗਿਆ।

ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਕਿਹਾ ਕਿ ਪੁਲ ਦੀ ਪ੍ਰਬੰਧਕੀ ਟੀਮ ਖ਼ਿਲਾਫ਼ ਆਈਪੀਸੀ ਦੀ ਧਾਰਾ 304, 308 ਅਤੇ 114 ਤਹਿਤ ਕੇਸ ਦਰਜ ਕੀਤਾ ਗਿਆ ਹੈ। ਗੁਜਰਾਤ ਸਰਕਾਰ ਨੇ ਮੋਰਬੀ ਕੇਬਲ ਸਸਪੈਂਸ਼ਨ ਬ੍ਰਿਜ ਹਾਦਸੇ ਦੀ ਜਾਂਚ ਲਈ 5 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।

LEAVE A REPLY

Please enter your comment!
Please enter your name here