ਪੰਜਾਬ ‘ਚ ਡੇਂਗੂ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਪੰਜਾਬ ‘ਚ ਸ਼ਨੀਵਾਰ ਨੂੰ ਡੇਂਗੂ ਦੇ 190 ਹੋਰ ਮਾਮਲੇ ਸਾਹਮਣੇ ਆਏ ਹਨ। ਹੁਣ ਡੇਂਗੂ ਦੇ ਮਰੀਜ਼ਾਂ ਦਾ ਕੁੱਲ ਅੰਕੜਾ 5 ਹਜ਼ਾਰ ਦੇ ਨੇੜੇ ਪਹੁੰਚ ਗਿਆ ਹੈ। ਅੰਕੜਿਆਂ ਅਨੁਸਾਰ 37, 539 ਸੈਂਪਲਾਂ ‘ਚੋਂ ਹੁਣ ਤੱਕ 4, 958 ਡੇਂਗੂ ਦੇ ਮਰੀਜ਼ ਆ ਚੁੱਕੇ ਹਨ, ਜਦਕਿ 5 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਇਨ੍ਹਾਂ ਦਿਨਾਂ ਵਿੱਚ ਡੇਂਗੂ ਦਾ ਸਭ ਤੋਂ ਵੱਧ ਖ਼ਤਰਾ 5 ਜ਼ਿਲ੍ਹਿਆਂ ਮੁਹਾਲੀ, ਰੋਪੜ, ਪਠਾਨਕੋਟ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਵਿੱਚ ਬਣਿਆ ਹੋਇਆ ਹੈ।
ਹੁਣ ਤੱਕ ਮੋਹਾਲੀ ‘ਚ ਸਭ ਤੋਂ ਵੱਧ 1, 071 ਮਰੀਜ਼ ਸਾਹਮਣੇ ਆਏ ਹਨ। ਇੱਥੇ ਸ਼ਨੀਵਾਰ ਨੂੰ ਹੀ 64 ਮਾਮਲੇ ਸਾਹਮਣੇ ਆਏ ਹਨ।ਡੇਂਗੂ ਦੇ ਅੰਕੜਿਆਂ ‘ਚ ਭਾਵੇਂ ਪਟਿਆਲਾ ਛੇਵੇਂ ਸਥਾਨ ‘ਤੇ ਹੈ ਪਰ ਸ਼ਨੀਵਾਰ ਨੂੰ ਇੱਥੇ 31 ਨਵੇਂ ਕੇਸ ਆਉਣ ਕਾਰਨ ਇਹ ਜ਼ਿਲਾ ਵੀ ਡੇਂਗੂ ਦੀ ਲਪੇਟ ‘ਚ ਆਉਣ ਲੱਗਾ ਹੈ। ਇੱਥੇ ਡੇਂਗੂ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਲੈ ਕੇ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ।ਭਾਵੇਂ ਪੂਰੇ ਸੂਬੇ ਵਿੱਚ ਡੇਂਗੂ ਦੇ ਮਾਮਲੇ ਵੱਧ ਰਹੇ ਹਨ ਪਰ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਡੇਂਗੂ ਦਾ ਖ਼ਤਰਾ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਹੁਣ ਤੱਕ ਸਭ ਤੋਂ ਵੱਧ ਮਾਮਲੇ ਮੋਹਾਲੀ ਤੋਂ ਸਾਹਮਣੇ ਆਏ ਹਨ। ਜਿੱਥੋਂ ਡੇਂਗੂ ਦੇ 1071 ਮਾਮਲੇ ਸਾਹਮਣੇ ਆਏ ਹਨ।
ਦੂਜੇ ਸਥਾਨ ’ਤੇ ਰੋਪੜ ਵਿੱਚ 626, ਪਠਾਨਕੋਟ ਵਿੱਚ 580, ਫਤਿਹਗੜ੍ਹ ਸਾਹਿਬ ਵਿੱਚ 409 ਅਤੇ ਲੁਧਿਆਣਾ ਵਿੱਚ ਡੇਂਗੂ ਦੇ 349 ਕੇਸ ਹਨ।ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਿਹਤ ਅਧਿਕਾਰੀਆਂ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਹਾਟ ਸਪਾਟ ਵਾਲੇ ਖੇਤਰਾਂ ਵਿੱਚ ਡਬਲ ਫੌਗਿੰਗ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲਾਰਵੇ ਨੂੰ ਫੈਲਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਦਾ ਲਾਰਵਾ ਪੈਦਾ ਹੋਣ ਵਾਲੀ ਥਾਂ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ ਅਤੇ ਖਾਲੀ ਟਾਇਰਾਂ ਆਦਿ ਨੂੰ ਸਾਫ਼ ਕਰਨ। ਉਨ੍ਹਾਂ ਕਿਹਾ ਕਿ ਸਾਰੇ ਹਸਪਤਾਲਾਂ ਵਿੱਚ ਵੱਖਰੇ ਡੇਂਗੂ ਵਾਰਡ ਬਣਾਏ ਗਏ ਹਨ।