ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕੇਸ ‘ਚ ਬੀਤੇ ਦਿਨੀ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਐੱਨ ਆਈ ਏ ਨੇ ਪੁੱਛਗਿੱਛ ਕੀਤੀ ਸੀ।ਅੱਜ ਗਾਇਕਾ ਨੇ ਖੁਦ ਆਪਣੇ ਇੰਸਟਗ੍ਰਾਮ ‘ਤੇ ਲਾਇਵ ਹੋ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਚੰਗੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਦੇ ਕੇਸ ਦੀ ਜਾਂਚ ਇੱਕ ਸੱਚੀ ਏਜੰਸੀ ਕੋਲ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੇਰੇ ਤੋਂ 5 ਤੋਂ 6 ਘੰਟੇ ਪੁੱਛਗਿੱਛ ਕੀਤੀ ਗਈ।
ਗਾਇਕਾ ਨੇ ਦੱਸਿਆ ਕਿ ਇਸ ਦੌਰਾਨ ਮੈਨੂੰ ਪੁੱਛਿਆ ਗਿਆ ਕਿ ਤੁਸੀਂ ਇਸ ਇੰਡਸਟਰੀ ‘ਚ ਕਦੋਂ ਆਏ ਤੇ ਕਿੱਥੇ ਸ਼ੋਅ ਲਾਏ ਤੇ ਸਿੱਧੂ ਦੇ ਸੰਪਰਕ ‘ਚ ਤੁਸੀ ਕਦੋਂ ਆਏ ਸੀ। ਤੁਸੀਂ ਕਿੰਨੇ ਗਾਣੇ ਕੀਤੇ ਹਨ। ਤੁਹਾਡੇ ਹੋਰ ਕਿਹੜੇ ਪ੍ਰੋਜੈਕਟ ਆਉਣੇ ਹਨ। ਇਸਦੇ ਨਾਲ ਹੀ ਅਫਸਾਨਾ ਨੇ ਕਿਹਾ ਕਿ ਮੈਨੂੰ ਗੈਂਗਸਟਰਾਂ ਸੰਬੰਧੀ ਕੋਈ ਸਵਾਲ ਨਹੀਂ ਪੁੱਛੇ ਗਏ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੇਰੇ ‘ਤੇ ਕੋਈ ਕੇਸ ਨਹੀਂ ਹੋਇਆ ਤੇ ਇਸਦੇ ਨਾਲ ਹੀ ਇਹ ਵੀ ਕਿਹਾ ਕਿ ਝੂਠੀਆਂ ਅਫਵਾਹਾਂ ਨਾ ਫੈਲਾਈਆਂ ਜਾਣ। ਮੈਂ ਬਾਈ ਦੇ ਪਰਿਵਾਰ ਨਾਲ ਹਾਂ ਤੇ ਅੱਗੇ ਵੀ ਰਹਾਂਗੀ, ਮੈਂ ਸਿੱਧੂ ਬਾਈ ਨਾਲ ਸੀ ਤੇ ਹਮੇਸ਼ਾ ਰਹਾਂਗੀ। ਮੇਰਾ ਕਿਸੇ ਗੈਂਗਸਟਰ ਨਾਲ ਕੋਈ ਲਿੰਕ ਨਹੀਂ।’’ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਸਦਾ ਸਾਨੂੰ ਸਾਰਿਆਂ ਨੂੰ ਇੰਤਜ਼ਾਰ ਹੈ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਮਿਲੇ ਤਾਂ ਬਹੁਤ ਜਲਦ ਸਾਨੂੰ ਇਨਸਾਫ ਮਿਲੇਗਾ।