ਕੋਰੋਨਾ ਵਾਇਰਸ ਦਾ ਖ਼ਤਰਾ ਅਜੇ ਟਲਿਆ ਨਹੀਂ ਕਿ ਨਵੇਂ –ਨਵੇਂ ਵਾਇਰਸ ਦੇਸ਼ ਅੰਦਰ ਆਪਣਾ ਜਾਲ ਵਿਛਾ ਰਹੇ ਹਨ। ਜੇਕਰ ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਕੁੱਝ ਘਟ ਰਹੇ ਹਨ,ਤਾਂ ਨਾਲ ਹੀ ਹੁਣ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਨੇ ਸੂਬਾ ਸਰਕਾਰਾਂ ਨੂੰ ਪ੍ਰੇਸ਼ਾਨੀ ‘ਚ ਪਾ ਦਿੱਤਾ ਹੈ। ਸੂਤਰਾਂ ਅਨੁਸਾਰ ਦੇਸ਼ ‘ਚ ਹੁਣ ਤੱਕ ‘ਡੈਲਟਾ ਪਲੱਸ’ ਵੇਰੀਐਂਟ ਦੇ 40 ਮਾਮਲੇ ਦਰਜ ਕੀਤੇ ਗਏ ਹਨ। ਜ਼ਿਆਦਾਤਰ ਮਾਮਲੇ ਮਹਾਰਾਸ਼ਟਰ, ਕੇਰਲ ਤੇ ਤਾਮਿਲਨਾਡੂ ਤੋਂ ਆਏ ਹਨ। ਹਾਲਾਂਕਿ ਮੱਧ ਪ੍ਰਦੇਸ਼ ਵਿੱਚ ਵੀ ਡੈਲਟਾ ਪਲੱਸ ਵੇਰੀਐਂਟ ਦੇ ਮਾਮਲੇ ਹਨ।
ਭਾਰਤ ਉਨ੍ਹਾਂ 10 ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਹੁਣ ਤਕ ‘ਡੈਲਟਾ ਪਲੱਸ’ ਵੇਰੀਐਂਟ ਮਿਲਿਆ ਹੈ। ‘ਡੈਲਟਾ ਵੇਰੀਐਂਟ’ 80 ਦੇਸ਼ਾਂ ‘ਚ ਪਾਇਆ ਗਿਆ ਹੈ। ਇੰਡੀਅਨ ਸਾਰਸ ਕੋਵ-2 ਜੀਨੋਮਿਕਸ ਕੰਸੋਰਟੀਅਮ (ਆਈਐਨਐਸਏਸੀਓਜੀ) ਨੇ ਦੱਸਿਆ ਹੈ ਕਿ ਡੈਲਟਾ ਪਲੱਸ ਵੇਰੀਐਂਟ ਇਸ ਸਮੇਂ ਚਿੰਤਾ ਦਾ ਰੂਪ ਹੈ, ਜਿਸ ‘ਚ ਤੇਜੀ ਨਾਲ ਫੈਲਣ, ਫੇਫੜਿਆਂ ਦੇ ਸੈੱਲਾਂ ਦੇ ਸੰਵੇਦਕ ‘ਚ ਜ਼ੋਰਦਾਰ ਤਰੀਕੇ ਨਾਲ ਚਿਪਕਣ ਤੇ ‘ਮੋਨੋਕਲੋਨਲ ਐਂਟੀਬਾਡੀ’ ‘ਚ ਸੰਭਾਵੀ ਕਮੀ ਜਿਹੀ ਵਿਸ਼ੇਸ਼ਤਾ ਹੈ। ਇਸ ਵਾਇਰਸ ਦੇ ਵੀ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਹਨ।
ਇੰਡੀਅਨ ਸਾਰਸ ਕੋਵ-2 ਜੀਨੋਮਿਕਸ ਕਨਸੋਰਟੀਅਮ (ਆਈਐਨਐਸਏਸੀਓਜੀ) ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਬਣਾਈ ਗਈ ਰਾਸ਼ਟਰੀ ਲੈਬਾਂ ਦਾ ਇਕ ਗਰੁੱਪ ਹੈ। ਆਈਐਨਐਸਏਸੀਓਜੀਵਾਇਰਸ ਦੇ ਨਵੇਂ ਰੂਪਾਂ ਤੇ ਮਹਾਂਮਾਰੀ ਨਾਲ ਉਨ੍ਹਾਂ ਦੇ ਸੰਬੰਧਾਂ ਦਾ ਪਤਾ ਲਗਾ ਰਿਹਾ ਹੈ। ਵਿਆਪਕ ਤੌਰ ‘ਤੇ ਦੋਵੇਂ ਭਾਰਤੀ ਟੀਕੇ ਕੋਵਿਸ਼ੀਲਡ ਤੇ ਕੋਵੈਕਸੀਨ ਡੈਲਟਾ ਵੇਰੀਐਂਟ ਦੇ ਵਿਰੁੱਧ ਪ੍ਰਭਾਵਸ਼ਾਲੀ ਹਨ, ਪਰ ਉਹ ਕਿਸ ਹੱਦ ਤੱਕ ਤੇ ਕਿਸ ਅਨੁਪਾਤ ਵਿੱਚ ਐਂਟੀਬਾਡੀਜ਼ ਪੈਦਾ ਕਰਦੇ ਹਨ, ਇਸ ਸੰਬੰਧੀ ਜਾਣਕਾਰੀ ਬਹੁਤ ਜਲਦੀ ਸਾਂਝੀ ਕੀਤੀ ਜਾਵੇਗੀ।