ਕਾਂਗਰਸ ਦੇ ਕੌਮੀ ਪ੍ਰਧਾਨ ਦੇ ਅਹੁਦੇ ਲਈ ਅੱਜ ਵੋਟਿੰਗ ਹੋ ਰਹੀ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਦੀ ਚੋਣ ਵਾਸਤੇ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਆਪਣੀ ਵੋਟ ਪਾਈ।
ਕਾਂਗਰਸ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਮੱਲਿਕਾਰਜੁਨ ਖੜਗੇ ਨੇ ਬੈਂਗਲੁਰੂ ਵਿੱਚ ਆਪਣੀ ਵੋਟ ਪਾਈ। ਸੋਨੀਆ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦਿੱਲੀ ਸਥਿਤ ਏ.ਆਈ.ਸੀ.ਸੀ. ਦਫ਼ਤਰ ਵਿੱਚ ਆਪਣੀ ਵੋਟ ਪਾਈ।
ਵੋਟਿੰਗ ਸ਼ਾਮ 4 ਵਜੇ ਤੱਕ ਹੋਵੇਗੀ। ਪਾਰਟੀ ਦੇ ਸੀਨੀਅਰ ਆਗੂਆਂ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਕਾਰ ਮੁਕਾਬਲਾ ਹੈ। ਕਰੀਬ 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਆਗੂ ਕਾਂਗਰਸ ਦੀ ਕਮਾਨ ਸੰਭਾਲੇਗਾ। 9 ਹਜ਼ਾਰ ਤੋਂ ਜ਼ਿਆਦਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਪਾਰਟੀ ਪ੍ਰਧਾਨ ਦੀ ਚੋਣ ਲਈ ਵੋਟਾਂ ਪਾਉਣਗੇ। ਨਤੀਜਾ 19 ਅਕਤੂਬਰ ਨੂੰ ਐਲਾਨਿਆ ਜਾਵੇਗਾ।
ਇਸ ਚੋਣ ਵਿੱਚ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ ਨੂੰ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦਾ ਮੁਕਾਬਲਾ ਸ਼ਸ਼ੀ ਥਰੂਰ ਨਾਲ ਹੈ, ਜੋ 2008 ‘ਚ ਕਾਂਗਰਸ ‘ਚ ਸ਼ਾਮਲ ਹੋਏ ਸਨ। ਨਾਮਜ਼ਦਗੀ ਦੇ ਪ੍ਰਸਤਾਵਕਾਂ ਦੀ ਗਿਣਤੀ ਅਤੇ ਚੋਣ ਪ੍ਰਚਾਰ ‘ਚ ਹਿੱਸਾ ਲੈਣ ਵਾਲੇ ਨੇਤਾਵਾਂ ‘ਤੇ ਨਜ਼ਰ ਮਾਰੀਏ ਤਾਂ ਥਰੂਰ ਇਸ ‘ਚ ਕਮਜ਼ੋਰ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਦਾ ਦਾਅਵਾ ਹੈ ਕਿ ਇਸ ਵਾਰ ਖੇਡ ‘ਚ ਮੋੜ ਆਵੇਗਾ। ਥਰੂਰ ਇਸ ਵਾਰ ਬਦਲਾਅ ਦੀ ਗੱਲ ਕਰਦੇ ਹਨ।
ਸ਼ਸ਼ੀ ਥਰੂਰ ਕਾਂਗਰਸ ਦੇ ਡੈਲੀਗੇਟਾਂ ਨੂੰ ਆਪਣੀ ਜ਼ਮੀਰ ਦੀ ਆਵਾਜ਼ ‘ਤੇ ਵੋਟ ਪਾਉਣ ਅਤੇ ਚੋਣਾਂ ਜਿੱਤਣ ਦੇ ਆਪਣੇ ਪੁਰਾਣੇ ਰਿਕਾਰਡ ਨੂੰ ਯਾਦ ਕਰਨ ਲਈ ਕਹਿ ਰਹੇ ਹਨ। ਥਰੂਰ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਦੀ ਚੋਣ ਵਿੱਚ ਉਲਟਫੇਰ ਦਾ ਭਰੋਸਾ ਹੈ। ਸ਼ਸ਼ੀ ਥਰੂਰ 14 ਸਾਲ ਪਹਿਲਾਂ ਹੀ ਕਾਂਗਰਸ ‘ਚ ਸ਼ਾਮਲ ਹੋਏ ਸਨ। ਉਦੋਂ ਤੋਂ ਉਹ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਦੋ ਵਾਰ ਕੇਂਦਰੀ ਰਾਜ ਮੰਤਰੀ ਬਣ ਚੁੱਕੇ ਹਨ।








