ਪੰਜਾਬ ਵਿੱਚ ਡੇਂਗੂ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪੰਜਾਬ ‘ਚ ਡੇਂਗੂ ਦੇ ਵੱਧ ਰਹੇ ਮਾਮਲਿਆਂ ਬਾਰੇ ਆਈਆਂ ਕੁੱਝ ਰਿਪੋਰਟਾਂ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਦੱਸਿਆ ਕਿ ਸਿਹਤ ਵਿਭਾਗ ਡੇਂਗੂ ਨਾਲ ਨਜਿੱਠਣ ਲਈ 24 ਘੰਟੇ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸ ਤਹਿਤ ਸਿਹਤ ਵਿਭਾਗ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ 24 ਘੰਟੇ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ: ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ਸਭਾ ਸਪੀਕਰ ਰਾਣਾ ਕੇਪੀ ਸਿੰਘ ਖਿਲਾਫ ਵਿਜੀਲੈਂਸ ਕਰੇਗੀ ਜਾਂਚ
ਇਸ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਦੱਸਦਿਆਂ ਜੌੜਾਮਾਜਰਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਰਮੀ ਦੇ ਮੌਸਮ ਦੀ ਸ਼ੁਰੂਆਤ ਤੋਂ ਹੀ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਕਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਜਿਕਰਯੋਗ ਹੈ ਕਿ ਡੇਂਗੂ ਪਾਣੀ ਦੁਆਰਾ ਫੈਲਣ ਵਾਲੀ ਬਿਮਾਰੀ ਹੈ ਜੋ ਕਿ ਏਡੀਜ਼ ਏਜਿਪਟੀ ਮੱਛਰ ਦੇ ਕੱਟਣ ਨਾਲ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਸਿਰਫ਼ ਸਤੰਬਰ ਮਹੀਨੇ ਵਿੱਚ ਹੀ ਵਿਭਾਗ ਦੀਆਂ ਟੀਮਾਂ ਨੇ ਲਾਰਵੇ ਦੇ ਪ੍ਰਜਨਨ ਦੀ ਜਾਂਚ ਕਰਨ ਲਈ 3 ਲੱਖ ਤੋਂ ਵੱਧ ਘਰਾਂ ਦਾ ਦੌਰਾ ਕੀਤਾ ਅਤੇ 5871 ਘਰਾਂ ਵਿੱਚ ਮੱਛਰਾਂ ਦੇ ਲਾਰਵੇ ਪਾਏ ਗਏ ਅਤੇ ਇਸ ਨੂੰ ਨਸ਼ਟ ਕੀਤਾ ਗਿਆ।
ਮੱਛਰਾਂ ਦੇ ਲਾਰਵੇ ਦੀ ਪੈਦਾਵਾਰ ‘ਤੇ ਨਜ਼ਰ ਰੱਖਣ ਲਈ ਸਿਹਤ ਵਿਭਾਗ ਵੱਲੋਂ ਪੰਜਾਬ ਭਰ ‘ਚ ਘੱਟੋ-ਘੱਟ 855 ਬ੍ਰੀਡਿੰਗ ਚੈਕਰ ਤਾਇਨਾਤ ਕੀਤੇ ਗਏ ਹਨ, ਇਸ ਤੋਂ ਇਲਾਵਾ ਸੂਬੇ ਭਰ ‘ਚ ਕੀਟਨਾਸ਼ਕ ਅਤੇ ਲਾਰਵੀਸਾਈਡ ਸਪਰੇਅ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਮੱਛਰਾਂ ਦੀ ਪ੍ਰਜਨਨ ਨੂੰ ਨਿਯੰਤਰਿਤ ਕਰਨ ਲਈ ਇੱਕ ਜੈਵਿਕ ਵਿਧੀ ਦੀ ਵੀ ਵਰਤੋਂ ਕਰ ਰਿਹਾ ਹੈ ਜਿਸ ਤਹਿਤ ਪਿੰਡਾਂ ਦੇ ਛੱਪੜਾਂ ਵਿੱਚ ਗੈਂਬੂਸੀਆ ਮੱਛੀ ਛੱਡੀ ਜਾਂਦੀ ਹੈ, ਜੋ ਭੋਜਨ ਦੇ ਤੌਰ ‘ਤੇ ਮੱਛਰਾਂ ਦੇ ਲਾਰਵੇ ਨੂੰ ਖਾਂਦੀ ਹੈ ਅਤੇ ਉਨ੍ਹਾਂ ਦੀ ਪ੍ਰਜਨਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ।
ਵਿਭਾਗ ਦੀਆਂ ਡੇਂਗੂ ਵਿਰੋਧੀ ਗਤੀਵਿਧੀਆਂ ਬਾਰੇ ਹੋਰ ਵੇਰਵੇ ਸਾਂਝੇ ਕਰਦਿਆਂ ਜੌੜਾਮਾਜਰਾ ਨੇ ਦੱਸਿਆ ਕਿ ਸੂਬੇ ਭਰ ਵਿੱਚ ਡੇਂਗੂ ਜਾਗਰੂਕਤਾ ਕੈਂਪ ਵੀ ਲਗਾਏ ਜਾ ਰਹੇ ਹਨ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰਾਂ ਦੀ ਪ੍ਰਧਾਨਗੀ ਹੇਠ ਵੱਖ-ਵੱਖ ਭਾਈਵਾਲਾਂ ਜਿਵੇਂ ਸਥਾਨਕ ਸਰਕਾਰਾਂ ਵਿਭਾਗ, ਪੇਂਡੂ ਵਿਕਾਸ ਵਿਭਾਗ, ਸਿੱਖਿਆ ਵਿਭਾਗ ਆਦਿ ਨਾਲ ਅੰਤਰ-ਖੇਤਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਸ. ਜੌੜਾਮਾਜਰਾ ਨੇ ਆਮ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਦੀ ਜਾਂਚ ਕਰਦੇ ਰਹਿਣ ਅਤੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਘਰਾਂ ਅੰਦਰ ਜਾਂ ਨੇੜੇ (ਪਾਣੀ ਦੇ ਕੰਟੇਨਰਾਂ, ਟਾਇਰਾਂ, ਕੂਲਰਾਂ ਵਿੱਚ) ਪਾਣੀ ਖੜ੍ਹਾ ਨਾ ਹੋਵੇ ਜੋ ਕਿ ਮੱਛਰਾਂ ਲਈ ਇੱਕ ਸੰਭਾਵੀ ਪ੍ਰਜਨਨ ਸਥਾਨ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਡੇਂਗੂ ਇੱਕ ਨੋਟੀਫਾਈਡ ਬਿਮਾਰੀ ਹੈ ਅਤੇ ਪੰਜਾਬ ਸਰਕਾਰ ਨੇ ਇਸ ਦੇ ਟੈਸਟ ਦੀ ਕੀਮਤ ਵੀ 600/- ਰੁਪਏ ਤੈਅ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਡੇਂਗੂ ਦੀ ਜਾਂਚ ਲਈ 42 ਲੈਬਾਂ ਸਥਾਪਤ ਕੀਤੀਆਂ ਗਈਆਂ ਹਨ ਅਤੇ ਡੇਂਗੂ ਵਾਰਡਾਂ ਦੇ ਰੂਪ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਲਈ 1274 ਬੈੱਡ ਵਿਸ਼ੇਸ਼ ਤੌਰ ‘ਤੇ ਨਿਰਧਾਰਤ ਕੀਤੇ ਗਏ ਹਨ।