ਲੋਕ ਇਨਸਾਫ ਪਾਰਟੀ ਨੇ ਨਗਰ ਨਿਗਮ ਚੋਣਾਂ ਲੜਨ ਦਾ ਕੀਤਾ ਐਲਾਨ

0
514

ਇਸੇ ਸਾਲ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਲਈ ਜਿਥੇ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਲੜ੍ਹਨ ਵਾਲੇ ਉਮੀਦਵਾਰ ਅਜੇ ਸੋਚਾਂ ਵਿਚ ਪਏ ਹੋਏ ਹਨ ਓਥੇ ਹੀ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਲੋਕ ਇਨਸਾਫ ਪਾਰਟੀ ਦਾ ਹਰ ਵਰਕਰ ਨਗਰ ਨਿਗਮ ਚੋਣਾਂ ਲੜ੍ਹਨ ਲਈ ਤਿਆਰ ਬਰ ਤਿਆਰ ਹੈ । ਉਹਨਾਂ ਨੇ ਇਹ ਵੀ ਕਿਹਾ ਕਿ ਪਾਰਟੀ ਲੁਧਿਆਣਾ ਸਮੇਤ ਅੰਮ੍ਰਿਤਸਰ, ਜਲੰਧਰ, ਪਟਿਆਲਾ, ਬਠਿੰਡਾ ਅਤੇ ਹੋਰਨਾਂ ਉਹਨਾਂ ਥਾਵਾਂ ‘ਤੇ ਜਿਥੇ ਵੀ ਚੋਣਾਂ ਹੋਣਗੀਆਂ ਆਪਣੇ ਉਮੀਦਵਾਰ ਖੜ੍ਹੇ ਕਰੇਗੀ ।

ਲੋਕ ਇਨਸਾਫ ਪਾਰਟੀ ਦੇ ਆਗੂ ਜਥੇਦਾਰ ਬਲਵਿੰਦਰ ਸਿੰਘ ਬੈਂਸ ਅੱਜ ਕੋਟ ਮੰਗਲ ਸਿੰਘ ਵਿਖੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਨਗਰ ਨਿਗਮ ਚੋਣਾਂ ਸੰਬੰਧੀ ਕੀਤੀ ਗਈ ਪਲੇਠੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲ ਬਾਤ ਕਰ ਰਹੇ ਸਨ । ਉਹਨਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦਾ ਪਹਿਲਾਂ ਹੀ ਸਫਾਇਆ ਹੋ ਚੁੱਕਾ ਹੈ ਅਤੇ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਤੋਂ ਬਾਅਦ ਆਪੋ ਵਿਚ ਉਲਝ ਕੇ ਰਹਿ ਗਈ ਹੈ ਜਦ ਕਿ ਅਕਾਲੀ ਦਲ ਦੀਆਂ ਗਲਤ ਨੀਤੀਆਂ ਕਾਰਣ ਅਕਾਲੀ ਦਲ ਦਾ ਹਰ ਅਹੁਦੇਦਾਰ ਅਤੇ ਵਰਕਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਕੰਮ ਨਹੀਂ ਕਰਨਾ ਚਾਹੁੰਦਾ ਅਤੇ ਘਰ ਬੈਠ ਗਿਆ ਹੈ ।

ਦੂਜੇ ਪਾਸੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਪਹਿਲੇ ਛੇ ਮਹੀਨਿਆਂ ਵਿਚ ਹੀ ਪੰਜਾਬੀਆਂ ਦੇ ਮਨਾਂ ਤੋਂ ਉਤਰ ਗਈ ਹੈ । ਮੁਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਕੋਈ ਵੀ ਰਾਹਤ ਨਾ ਦੇ ਕੇ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਇਸ਼ਤਿਹਾਰਾਂ ਦੇ ਰੂਪ ਵਿਚ ਉਡਾਉਣਾ ਲੋਕਾਂ ਨੂੰ ਰਾਸ ਨਹੀਂ ਆਇਆ । ਉਹਨਾਂ ਕਿਹਾ ਕਿ ਭਗਵੰਤ ਮਾਨ ਦਾ ਦਿੱਲੀ ਦੇ ਇਸ਼ਾਰਿਆਂ ਤੇ ਕੰਮ ਕਰਨਾ, ਰਾਜ ਸਭਾ ਵਿਚ ਆਪਣੇ ਚਹੇਤਿਆਂ ਨੂੰ ਭੇਜਣਾ, ਆਪ ਦੇ ਮੰਤਰੀਆਂ ਦਾ ਰਿਸ਼ਵਤ ਖੋਰੀ ਵਿਚ ਸ਼ਾਮਿਲ ਹੋਣਾ, ਸਮੇਤ ਅਜਿਹੇ ਕਈ ਮਾਮਲੇ ਹਨ ਕਿ ਅੱਜ ਪਹਿਲੇ ਹੀ ਛੇ ਮਹੀਨਿਆਂ ਵਿਚ ਪੰਜਾਬ ਦੇ ਲੋਕ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰ ਰਹੇ ਹਨ।

ਉਹਨਾਂ ਅੱਗੇ ਕਿਹਾ ਕਿ ਸਰਕਾਰ ਦੀ ਐਕਸਆਈਜ਼ ਪਾਲਿਸੀ, ਮਾਈਨਿੰਗ ਪਾਲਿਸੀ ਸਮੇਤ ਕਈ ਅਜਿਹੇ ਮਾਮਲੇ ਹਨ ਜੋ ਮਾਣ ਯੋਗ ਅਦਾਲਤ ਵਿਚ ਫਸਣ ਕਰਕੇ ਮੌਜੂਦਾ ਸਰਕਾਰ ਲਈ ਸੰਕਟ ਪੈਦਾ ਹੋ ਗਿਆ ਹੈ । ਉਪਰੋਕਤ ਤੱਥਾਂ ਤੇ ਜੇਕਰ ਵਿਚਾਰ ਕਰੀਏ ਤਾਂ ਸਾਫ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪਾਸਿਓ ਫੇਲ ਹੋ ਚੁੱਕੀ ਹੈ ਤੇ ਹੁਣ ਪੰਜਾਬ ਦੀ ਜਨਤਾ ਇਕ ਹੋਰ ਬਦਲਾਅ ਕਰੇਗੀ ਅਤੇ ਲੁਧਿਆਣਾ ਸਮੇਤ ਵੱਖ ਵੱਖ ਹੋਣ ਵਾਲਿਆਂ ਨਗਰ ਨਿਗਮ ਚੋਣਾਂ ਦੌਰਾਨ ਲੋਕ ਇਨਸਾਫ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਨਵਾਂ ਇਤਿਹਾਸ ਸਿਰਜੇਗੀ ਕਿਉਂਕਿ ਅਕਾਲੀ ਦਲ ਅਤੇ ਕਾਂਗਰਸ ਨੂੰ ਪਹਿਲਾਂ ਹੀ ਪੰਜਾਬ ਦੀ ਜਨਤਾ ਦੇਖ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਆਪਣੇ ਪਹਿਲੇ ਛੇ ਮਹੀਨਿਆਂ ਵਿਚ ਫੇਲ ਹੋ ਚੁੱਕੀ ਹੈ ।

ਲੋਕ ਇਨਸਾਫ ਪਾਰਟੀ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਉਤਸ਼ਾਹਿਤ ਕਰਦੇ ਹੋਏ ਸਮੂਹ ਨੌਜਵਾਨਾਂ ਦੀਆਂ ਡਿਊਟੀਆਂ ਵੀ ਲਗਾਈਆਂ । ਇਸ ਦੌਰਾਨ ਪਾਰਟੀ ਦੇ ਸਮੂਹ ਆਗੂਆਂ ਵਿਚ ਸ਼ਾਮਿਲ ਜਥੇਦਾਰ ਜਸਵਿੰਦਰ ਸਿੰਘ ਖਾਲਸਾ, ਜਥੇਦਾਰ ਰਣਧੀਰ ਸਿੰਘ ਸੀਵੀਆ, ਜਥੇਦਾਰ ਅਰਜੁਨ ਸਿੰਘ ਚੀਮਾ, ਪ੍ਰਧਾਨ ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਖੁਰਾਣਾ, ਸਿਕੰਦਰ ਸਿੰਘ ਪੰਨੂ, ਹਰਪਾਲ ਸਿੰਘ ਕੋਹਲੀ, ਬਲਜੀਤ ਸਿੰਘ ਗਿਆਸਪੁਰਾ, ਰਾਜੇਸ਼ ਖੋਖਰ, ਹਲਕਾ ਇੰਚਾਰਜ ਐਡਵੋਕੇਟ ਗੁਰਜੋਤ ਸਿੰਘ ਗਿੱਲ, ਪ੍ਰਦੀਪ ਸਿੰਘ ਬੰਟੀ , ਪਰਮਿੰਦਰ ਗਰੇਵਾਲ, ਜਸਪਾਲ ਸਿੰਘ ਰਿਐਤ, ਮੈਹੰਗੂ ਰਾਮ ਅਤੇ ਹੋਰ ਸ਼ਾਮਿਲ ਸਨ ।

LEAVE A REPLY

Please enter your comment!
Please enter your name here